
ਉੱਤਰਾਖੰਡ ’ਚ ਮਦਰੱਸੇ ਸਿੱਖਿਆ ਦੇ ਆਧੁਨਿਕੀਕਰਨ ਪ੍ਰਤੀ ਉਤਸ਼ਾਹਿਤ : ਵਕਫ਼ ਬੋਰਡ
ਦੇਹਰਾਦੂਨ: ਉੱਤਰਾਖੰਡ ਦੇ ਮਦਰੱਸਿਆਂ ਨੇ ਵਿਗਿਆਨਕ ਅਤੇ ਇਸਲਾਮੀ ਸਿੱਖਿਆ ਨੂੰ ਜੋੜ ਕੇ ਸਿੱਖਿਆ ਪ੍ਰਣਾਲੀ ਦੇ ਆਧੁਨਿਕੀਕਰਨ ਦੇ ਸੂਬਾ ਵਕਫ ਬੋਰਡ ਦੇ ਪ੍ਰੋਗਰਾਮ ਪ੍ਰਤੀ ਬਹੁਤ ਉਤਸ਼ਾਹ ਵਿਖਾਇਆ ਹੈ।
ਉੱਤਰਾਖੰਡ ਵਕਫ ਬੋਰਡ ਦੇ ਚੇਅਰਮੈਨ ਸ਼ਾਦਾਬ ਸ਼ਮਸ ਨੇ ਕਿਹਾ, ‘‘ਪ੍ਰੋਗਰਾਮ ਦੇ ਪਹਿਲੇ ਪੜਾਅ ’ਚ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹਿਆਂ ’ਚ ਚਾਰ ਮਦਰੱਸਿਆਂ ’ਚ ਸਿੱਖਿਆ ਦੇ ਆਧੁਨਿਕੀਕਰਨ ਦੇ ਮੱਦੇਨਜ਼ਰ, ਲਗਭਗ 40-50 ਮਦਰੱਸਿਆਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਅਤੇ ਉਨ੍ਹਾਂ ਦੇ ਸਥਾਨਾਂ ’ਤੇ ਵੀ ਆਧੁਨਿਕੀਕਰਨ ਦੀ ਮੰਗ ਕੀਤੀ।’’
ਸ਼ਮਸ ਨੇ ਦਸਿਆ ਕਿ ਇਸ ਪ੍ਰੋਗਰਾਮ ਹੇਠ ਮਦਰੱਸਿਆਂ ’ਚ ਵਿਗਿਆਨ, ਮਨੁੱਖਤਾ ਅਤੇ ਕੰਪਿਊਟਰ ਸਿੱਖਿਆ ਦੇ ਨਾਲ-ਨਾਲ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਦੀਆਂ ਕਿਤਾਬਾਂ ਨਾਲ ਸਮਾਰਟ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਦਰੱਸਿਆਂ ’ਚ ਅਰਬੀ ਅਤੇ ਧਾਰਮਕ ਪੜ੍ਹਾਈ ਦੇ ਨਾਲ-ਨਾਲ ਸੰਸਕ੍ਰਿਤ ਦੀ ਸਿੱਖਿਆ ਵੀ ਲਾਗੂ ਕੀਤੀ ਜਾ ਰਹੀ ਹੈ।
ਸ਼ਮਸ ਨੇ ਕਿਹਾ ਕਿ ਪਹਿਲੇ ਪੜਾਅ ’ਚ ਚੁਣੇ ਹੋਏ ਮਦਰੱਸਿਆਂ ’ਚ ਇਸ ਤਰ੍ਹਾਂ ਦੀ ਸਿੱਖਿਆ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।
ਸ਼ਮਸ ਨੇ ਕਿਹਾ, ‘‘ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ। ਅਸੀਂ ਸੂਬੇ ’ਚ ਮਦਰੱਸਾ ਸਿੱਖਿਆ ਦੇ ਆਧੁਨਿਕੀਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁਧ ਮੁਸਲਿਮ ਪ੍ਰਵਾਰਾਂ ਤੋਂ ਸਖ਼ਤ ਵਿਰੋਧ ਦੀ ਉਮੀਦ ਕੀਤੀ ਸੀ, ਪਰ ਸਥਿਤੀ ਬਿਲਕੁਲ ਉਲਟ ਨਿਕਲੀ। ਬੱਚਿਆਂ ਦੇ ਮਾਪਿਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹ ਸੂਬੇ ’ਚ ਵੱਧ ਤੋਂ ਵੱਧ ਮਦਰੱਸਿਆਂ ਨੂੰ ਆਧੁਨਿਕੀਕਰਨ ਪ੍ਰੋਗਰਾਮ ਤਹਿਤ ਲਿਆਉਣਾ ਚਾਹੁੰਦੇ ਹਨ।”
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ’ਚ ਚਾਰ ਮਦਰੱਸਿਆਂ ਦੇ ਆਧੁਨਿਕੀਕਰਨ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਦੂਜੇ ਪੜਾਅ ’ਚ ਹੋਰ ਮਦਰੱਸਿਆਂ ਦੀ ਚੋਣ ਕੀਤੀ ਜਾਵੇਗੀ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਸਿੱਖਿਆ ਮੰਤਰੀ ਧਨ ਸਿੰਘ ਰਾਵਤ ਨੇ ਮਦਰੱਸਿਆਂ ’ਚ ਸਿੱਖਿਆ ਦੇ ਆਧੁਨਿਕੀਕਰਨ ਲਈ ਬੋਰਡ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ ਹੈ। ਉੱਤਰਾਖੰਡ ਵਕਫ਼ ਬੋਰਡ ਸੂਬੇ ’ਚ 103 ਮਦਰੱਸੇ ਚਲਾ ਰਿਹਾ ਹੈ।