
ਮੋਬਾਈਲ ਨੰਬਰ ਬਦਲਣ ਮਗਰੋਂ ਬੈਂਕ ਵਿੱਚ ਅਪਡੇਟ ਕਰਨਾ ਭੁੱਲਿਆ ਕਿਸਾਨ
ਰੇਵਾੜੀ : ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਇੱਕ ਕਿਸਾਨ ਨਾਲ 46 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ 10 ਸਾਲ ਪਹਿਲਾਂ ਗੁੰਮ ਹੋਏ ਮੋਬਾਈਲ ਨੰਬਰ ਰਾਹੀਂ ਉਸ ਦੇ ਖਾਤੇ ਵਿੱਚੋਂ ਨਕਦੀ ਕਢਵਾ ਲਈ। ਇਸ ਬਾਰੇ ਉਸ ਨੂੰ ਬੈਂਕ ਜਾ ਕੇ ਹੀ ਪਤਾ ਲੱਗਿਆ। ਬੈਂਕ ਤੋਂ ਬਿਆਨ ਲੈ ਕੇ ਕਿਸਾਨ ਨੇ ਸਾਈਬਰ ਥਾਣੇ ਨੂੰ ਸ਼ਿਕਾਇਤ ਦਿੱਤੀ ਜਿਸ 'ਤੇ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਸਨਅਤੀ ਕਸਬੇ ਬਾਵਲ ਦੇ ਰਹਿਣ ਵਾਲੇ ਰਾਜਿੰਦਰ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਵਿੱਚ ਆਪਣਾ ਖਾਤਾ ਖੁਲ੍ਹਵਾਇਆ ਸੀ ਪਰ ਉਸ ਨੂੰ ਏਟੀਐਮ ਕਾਰਡ ਨਹੀਂ ਮਿਲਿਆ। ਜਦੋਂ ਉਹ ਰੁਟੀਨ ਵਿੱਚ ਬਕਾਇਆ ਚੈੱਕ ਕਰਨ ਗਿਆ ਤਾਂ 46 ਲੱਖ 1665 ਰੁਪਏ ਗਾਇਬ ਸਨ। ਕਿਸਾਨ ਰਾਜਿੰਦਰ ਨੇ ਆਪਣੇ ਪੱਧਰ 'ਤੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ 10 ਸਾਲ ਪਹਿਲਾਂ ਉਸ ਵੱਲੋਂ ਵਰਤਿਆ ਗਿਆ ਮੋਬਾਈਲ ਨੰਬਰ ਜੋ ਗੁੰਮ ਹੋ ਗਿਆ ਸੀ, ਉਸ ਦੀ ਵਰਤੋਂ ਕਰ ਕੇ ਹੀ ਪੈਸੇ ਕਢਵਾਏ ਗਏ ਹਨ। ਇਹੀ ਨੰਬਰ ਉਸ ਦੇ ਬੈਂਕ ਖਾਤੇ ਨਾਲ ਦਰਜ ਸੀ।
ਨੰਬਰ ਤਾਂ ਗੁੰਮ ਹੋ ਗਿਆ ਪਰ ਉਸ ਨੇ ਨਾ ਤਾਂ ਇਸ ਬਾਰੇ ਬੈਂਕ ਨੂੰ ਕੋਈ ਜਾਣਕਾਰੀ ਦਿਤੀ ਅਤੇ ਨਾ ਹੀ ਨਵਾਂ ATM ਲੈਣ ਲਈ ਕੋਈ ਅਰਜ਼ੀ ਦਿੱਤੀ। ਕੁਝ ਸਮਾਂ ਪਹਿਲਾਂ ਉਸ ਨੇ ਬੈਂਕ ਜਾ ਕੇ ਆਧਾਰ ਨੰਬਰ ਤੋਂ ਪੈਸੇ ਕਢਵਾਉਣ ਦੀ ਮਨਜ਼ੂਰੀ ਜ਼ਰੂਰ ਲਈ ਸੀ। ਸਮੇਂ-ਸਮੇਂ 'ਤੇ ਉਹ ਆਧਾਰ ਕਾਰਡ ਰਾਹੀਂ ਹੀ ਖਾਤੇ 'ਚੋਂ ਪੈਸੇ ਕਢਵਾਉਂਦਾ ਸੀ। ਜਦੋਂ ਉਹ ਪੈਸੇ ਕਢਵਾਉਣ ਗਿਆ ਤਾਂ ਉਸ ਨੇ ਆਪਣਾ ਬਕਾਇਆ ਪੁੱਛ ਲਿਆ, ਜਿਸ ਨੂੰ ਜਾਣ ਕੇ ਉਹ ਹੱਕਾ-ਬੱਕਾ ਰਹਿ ਗਿਆ ਕਿਉਂਕਿ ਉਸ ਦੇ ਖਾਤੇ 'ਚੋਂ 46 ਲੱਖ ਤੋਂ ਵੱਧ ਰੁਪਏ ਕਢਵਾ ਲਏ ਗਏ ਸਨ।
ਰਾਜਿੰਦਰ ਦਾ ਕਹਿਣਾ ਹੈ ਕਿ ਬਦਮਾਸ਼ ਨੇ 10 ਸਾਲ ਪਹਿਲਾਂ ਗੁੰਮ ਹੋਈ ਸਿਮ ਰਾਹੀਂ ਹੀ ਉਸ ਨਾਲ ਠੱਗੀ ਮਾਰੀ ਹੈ। ਕਿਸਾਨ ਰਾਜਿੰਦਰ ਅਨੁਸਾਰ 2 ਸਾਲ ਪਹਿਲਾਂ ਉਸ ਨੇ ਲੱਖਾਂ ਰੁਪਏ ਦੀ ਜ਼ਮੀਨ ਵੇਚੀ ਸੀ। ਉਸ ਨੇ ਜ਼ਮੀਨ ਵੇਚਣ ਦੇ ਬਦਲੇ ਮਿਲੀ ਰਕਮ ਆਪਣੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ। ਦਿਨ-ਦਿਹਾੜੇ ਹੋਣ ਵਾਲੀ ਠੱਗੀ ਤੋਂ ਬਚਣ ਲਈ ਉਸ ਨੇ ਏ.ਟੀ.ਐਮ.ਕਾਰਡ ਦੀ ਵਰਤੋਂ ਵੀ ਨਹੀਂ ਕੀਤੀ ਪਰ ਹੁਣ ਸ਼ਰਾਰਤੀ ਅਨਸਰ ਨੇ ਪੁਰਾਣੇ ਨੰਬਰ ਦੀ ਦੁਰਵਰਤੋਂ ਕਰ ਕੇ ਉਸ ਨਾਲ ਇੰਨੀ ਵੱਡੀ ਧੋਖਾਧੜੀ ਕੀਤੀ ਹੈ।