
ਫਰਹਾਨ ਅਖ਼ਤਰ ਨੇ ਮੁੰਬਈ ਪੁਲਿਸ ਦੀ ਕੀਤੀ ਤਾਰੀਫ਼
ਮੁੰਬਈ - ‘ਮੁੰਬਈ ਪੁਲਿਸ’ ਨੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਧੀ ਨੂੰ ਧਮਕੀ ਦੇਣ ਦੇ ਮਾਮਲੇ ’ਚ ਹੈਦਰਾਬਾਦ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਦਿਨੀਂ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਹੱਥੋਂ ਟੀਮ ਇੰਡੀਆ ਦੀ ਹਾਰ ਤੇ ਫਿਰ ਮੁਹੰਮਦ ਸ਼ਮੀ ਦਾ ਸਮਰਥਨ ਕਰਨ ਕਾਰਨ ਕਾਫੀ ਟਰੋਲ ਕੀਤਾ ਗਿਆ ਸੀ।
Virat and Anushka
ਟਰੋਲਰਜ਼ ਨੇ ਅਨੁਸ਼ਕਾ-ਵਿਰਾਟ ਦੀ 10 ਮਹੀਨੇ ਦੀ ਬੇਟੀ ਨੂੰ ਵੀ ਨਿਸ਼ਾਨਾ ਬਣਾਇਆ ਤੇ ਉਸ ਦਾ ਸੋਸ਼ਣ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਖ਼ਬਰ ਆਉਣ ਤੋਂ ਬਾਅਦ ਕਲਾਕਾਰਾਂ ਸਮੇਤ ਕਈ ਲੋਕਾਂ ਨੇ ਇਸ ’ਤੇ ਇਤਰਾਜ਼ ਜਤਾਇਆ ਤੇ ਦਿੱਲੀ ਮਹਿਲਾ ਕਮਿਸ਼ਨ ਵੀ ਇਸ ਮਾਮਲੇ ’ਚ ਸਰਗਰਮ ਹੋ ਗਈ ਸੀ।
Anushka Sharma
ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਪੁਲਿਸ ਨੇ ਵੀ ਇਸ ’ਤੇ ਤੁਰੰਤ ਕਾਰਵਾਈ ਕੀਤੀ ਤੇ ਰਾਮਨਾਗੇਸ਼ ਨਾਂ ਦੇ ਵਿਅਕਤੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਮਨਾਗੇਸ਼ ਸਾਫਟਵੇਅਰ ਇੰਜੀਨੀਅਰ ਹੈ ਤੇ ਫੂਡ ਡਿਲਿਵਰੀ ਐਪ ’ਚ ਕੰਮ ਕਰਦਾ ਹੈ। ਇਹ ਵਿਅਕਤੀ ਟਵਿੱਟਰ ’ਤੇ @Criccrazyygirl ਨਾਂ ਦਾ ਟਵਿੱਟਰ ਅਕਾਊਂਟ ਚਲਾਉਂਦਾ ਹੈ, ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਵਿਰਾਟ ਦੀ ਬੇਟੀ ਨੂੰ ਵੀ ਇਸੇ ਅਕਾਊਂਟ ਤੋਂ ਸੋਸ਼ਣ ਦੀ ਧਮਕੀ ਦਿੱਤੀ ਗਈ ਸੀ।
ਫਰਹਾਨ ਅਖ਼ਤਰ ਨੇ ਕੀਤੀ ਮੁੰਬਈ ਪੁਲਿਸ ਦੀ ਤਾਰੀਫ਼
ਇਸ ਦੇ ਨਾਲ ਹੀ ਦੱਸ ਦਈਏ ਕਿ ਫ਼ਿਲਮ ਅਦਾਕਾਰ ਤੇ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਮਹਿਲਾ ਪੱਤਰਕਾਰਾਂ ਨੂੰ ਲੈ ਕੇ ਆਪਣੀ ਚਿੰਤਾ ਵੀ ਜ਼ਾਹਿਰ ਕੀਤੀ ਹੈ। ਫਰਹਾਨ ਨੇ ਆਪਣੇ ਟਵੀਟ ’ਚ ਲਿਖਿਆ ‘ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਮੁੰਬਈ ਪੁਲਿਸ ਉਥੇ ਪਹੁੰਚ ਗਈ ਹੈ ਤੇ ਲੜਕੀ ਨੂੰ ਬਦਸਲੂਕੀ ਕਰਨ ਦੀ ਧਮਕੀ ਦੇਣ ਵਾਲੇ ਘਟੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਮੈਨੂੰ ਉਮੀਦ ਹੈ ਕਿ ਮਹਿਲਾ ਪੱਤਰਕਾਰਾਂ ਲਈ ਵੀ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੂੰ ਲਗਭਗ ਰੋਜ਼ਾਨਾ ਹੀ ਸ਼ੋਸ਼ਣ ਦੀਆਂ ਧਮਕੀਆਂ ਮਿਲਦੀਆਂ ਹਨ।’