
ਹਿੰਦੂ ਪੱਖ ਨੂੰ ਜਵਾਬ ਦਾਖਲ ਕਰਨ ਲਈ ਦਿੱਤਾ ਤਿੰਨ ਹਫ਼ਤੇ ਦਾ ਸਮਾਂ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਾਰਾਣਸੀ ਦੇ ਗਿਆਨਵਾਪੀ ਮਸਜਿਦ ਕੰਪਲੈਕਸ 'ਚ ਲੱਭੇ 'ਸ਼ਿਵਲਿੰਗ' ਦੀ ਸੁਰੱਖਿਆ 'ਤੇ ਆਪਣੇ ਪੁਰਾਣੇ ਹੁਕਮ ਨੂੰ ਵਧਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਇਸ ਦੀ ਸੁਰੱਖਿਆ ਵਧਾਈ ਜਾਵੇ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਨੇ ਹੁਕਮ 'ਚ ਕਿਹਾ ਕਿ ਸੁਰੱਖਿਆ ਜਾਰੀ ਰਹੇਗੀ। ਅਦਾਲਤ ਨੇ ਹਿੰਦੂ ਪੱਖ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ।
ਸ਼ੁੱਕਰਵਾਰ ਨੂੰ ਗਿਆਨਵਾਪੀ 'ਤੇ ਸੁਪਰੀਮ ਕੋਰਟ ਤੋਂ ਇਲਾਵਾ ਇਲਾਹਾਬਾਦ ਹਾਈਕੋਰਟ ਨੇ ASI ਦੁਆਰਾ ਗਿਆਨਵਾਪੀ ਦੇ ਸਰਵੇਖਣ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ। ਇੱਥੇ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਵਿੱਚ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਦੇ ਅਧਿਕਾਰ ਅਤੇ ਮਸਜਿਦ ਵਿੱਚ ਸਰਵੇਖਣ ਦੀ ਕਾਰਵਾਈ ਦੀ ਵੀ ਸੁਣਵਾਈ ਹੋਈ।