
30 ਬੱਚਿਆਂ ਦੀ ਹਾਲਤ ਗੰਭੀਰ
ਭਾਗਲਪੁਰ: ਬਿਹਾਰ ਦੇ ਭਾਗਲਪੁਰ ਵਿੱਚ ਮਿਡ-ਡੇ-ਮੀਲ ਖਾਣ ਨਾਲ ਸੌ ਤੋਂ ਵੱਧ ਬੱਚੇ ਬਿਮਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤੀਹ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਚਿਆਂ ਦੇ ਬੀਮਾਰ ਹੋਣ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਨਵਾਗਾਛੀਆ ਬਲਾਕ ਦੇ ਪਿੰਡ ਮਹਿਦਤਪੁਰ ਸਥਿਤ ਸਰਕਾਰੀ ਸਕੂਲ ਦੀ ਹੈ। ਜਾਣਕਾਰੀ ਅਨੁਸਾਰ ਬੱਚਿਆਂ ਨੂੰ ਕਿਰਲੀ ਵਾਲਾ ਖਾਣਾ ਖੁਆਇਆ ਗਿਆ। ਜਿਸ ਤੋਂ ਬਾਅਦ ਬੱਚਿਆਂ ਦੀ ਹਾਲਤ ਵਿਗੜ ਗਈ।
ਵੀਰਵਾਰ ਨੂੰ ਸਕੂਲ 'ਚ ਮਿਡ-ਡੇ-ਮੀਲ ਖਾਣ ਤੋਂ ਬਾਅਦ 100 ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜ ਗਈ ਸੀ। ਘਟਨਾ ਤੋਂ ਬਾਅਦ ਸਕੂਲ 'ਚ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ ਬੱਚਿਆਂ ਨੂੰ ਇਲਾਜ ਲਈ ਨਵਗਾਛੀਆ ਉਪ ਮੰਡਲ ਹਸਪਤਾਲ 'ਚ ਲਿਜਾਇਆ ਗਿਆ। ਜਿੱਥੇ ਹੌਲੀ-ਹੌਲੀ ਬੱਚਿਆਂ ਦੀ ਸੰਖਿਆ ਵਧਣ ਲੱਗ ਪਈ। ਜਦੋਂ ਬੱਚਿਆਂ ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਪੁੱਜਣ ਲੱਗੇ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਸਬ-ਡਵੀਜ਼ਨ ਹਸਪਤਾਲ ਪਹੁੰਚ ਗਏ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਬਿਮਾਰ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਸ਼ਾਸਨ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਡ-ਡੇ-ਮੀਲ ਖਾਣ ਨਾਲ ਕਰੀਬ 200 ਬੱਚੇ ਬਿਮਾਰ ਹੋ ਗਏ ਹਨ। ਇਨ੍ਹਾਂ ਵਿੱਚੋਂ ਕਈ ਬੱਚੇ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਜਦੋਂ ਕਿ ਦੇਰ ਸ਼ਾਮ ਤੱਕ 100 ਤੋਂ ਵੱਧ ਬੱਚੇ ਹਸਪਤਾਲ ਵਿੱਚ ਦਾਖ਼ਲ ਹਨ। ਇੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਖਾਣੇ ਵਿੱਚ ਕਿਰਲੀ ਮਿਲਣ ਤੋਂ ਬਾਅਦ ਵੀ ਬੱਚਿਆਂ ਨੂੰ ਉਹ ਖਾਣਾ ਖੁਆਇਆ ਗਿਆ। ਬੱਚਿਆਂ ਦੇ ਮਾਪਿਆਂ ਨੇ ਹੈੱਡਮਾਸਟਰ 'ਤੇ ਜ਼ਬਰਦਸਤੀ ਖਾਣਾ ਖੁਆਉਣ ਦਾ ਦੋਸ਼ ਲਗਾਇਆ ਹੈ।