
Noida News: ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲੇ ਜੀਵਨ ਲਾਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।
Noida News: ਨੋਇਡਾ ਦੇ ਨਾਲੇਜ ਪਾਰਕ ਇਲਾਕੇ ਵਿਚ ਐਤਵਾਰ ਨੂੰ ਵਾਪਰੇ ਇਕ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਇਕੋ ਪਰਿਵਾਰ ਦੇ 5 ਲੋਕਾਂ ਦਾ ਅੱਜ ਤੜਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜਦੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਵਿੱਚ ਇੱਕੋ ਸਮੇਂ ਪੰਜ ਚਿਖਾਵਾਂ ਜਗਾਈਆਂ ਗਈਆਂ ਅਤੇ ਵਿਰਲਾਪ ਕਰਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਸਨੇਹੀਆਂ ਨੂੰ ਅੰਤਿਮ ਵਿਦਾਈ ਦਿੱਤੀ ਤਾਂ ਹਰ ਅੱਖ ਨਮ ਹੋ ਗਈ।
ਨੋਇਡਾ ਐਕਸਪ੍ਰੈਸਵੇਅ 'ਤੇ ਐਤਵਾਰ ਸਵੇਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਇਨ੍ਹਾਂ ਪੰਜ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰ ਧਰਮਿੰਦਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਜਦੋਂ ਦੋ ਸਾਲਾ ਬੱਚੇ ਦੀ ਤਬੀਅਤ ਵਿਗੜ ਗਈ ਤਾਂ ਇਹ ਲੋਕ ਉਸ ਦੇ ਇਲਾਜ ਲਈ ਨੋਇਡਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਗਏ, ਪਰ ਹਰ ਜਗ੍ਹਾ ਡਾਕਟਰਾਂ ਨੇ ਹਾਲਤ ਖਰਾਬ ਹੋਣ ਦੀ ਗੱਲ ਕਹੀ। ਬੱਚੇ ਦੀ ਹਾਲਤ ਖਰਾਬ ਸੀ ਅਤੇ ਮੈਂ ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿੱਚ ਜਾਣ ਲਈ ਕਿਹਾ।
ਧਰਮਿੰਦਰ ਅਨੁਸਾਰ ਇਕ ਹਸਪਤਾਲ ਵਿੱਚ ਪਰਿਵਾਰਕ ਮੈਂਬਰ ਨੇ ਬੱਚੇ ਦੇ ਇਲਾਜ ਲਈ ਜ਼ੋਰ ਦਿੰਦਿਆਂ ਕਿਹਾ ਕਿ ਉਹ ਦਿੱਲੀ ਦੇ ਹਸਪਤਾਲਾਂ ਵਿਚ ਪਤਾ ਕਰ ਕੇ ਬੱਚੇ ਨੂੰ ਉੱਥੇ ਲੈ ਕੇ ਜਾਣਗੇ, ਉਦੋਂ ਤੱਕ ਉਸ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਆਪਣੇ ਬੱਚੇ ਦਾ ਇਲਾਜ ਕਰਵਾਉਣ ਅਤੇ ਇਲਾਜ ਦੇ ਬਾਰੇ ਵਿੱਚ ਪਤਾ ਕਰਨ ਲਈ ਦਿੱਲੀ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਧਰਮਿੰਦਰ ਨੇ ਦੱਸਿਆ ਕਿ ਇਹ ਲੋਕ ਦਾਦਰੀ ਦੀ ਕਾਸ਼ੀਰਾਮ ਕਾਲੋਨੀ 'ਚ ਰਹਿੰਦੇ ਸਨ ਅਤੇ ਇਹ ਸਾਰੇ ਮਜ਼ਦੂਰ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ। ਉਸ ਨੇ ਦੱਸਿਆ ਕਿ ਬੱਚੇ ਦਾ ਨਾਮ ਦੇਵੇਸ਼ ਹੈ ਅਤੇ ਉਸ ਨੂੰ ਪੀਡੀਆਟ੍ਰਿਕ ਅਤੇ ਪੋਸਟ ਗ੍ਰੈਜੂਏਟ ਐਜੂਕੇਸ਼ਨਲ ਇੰਸਟੀਚਿਊਟ (ਚਾਈਲਡ ਪੀਜੀਆਈ), ਸੈਕਟਰ 30 ਨੋਇਡਾ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਵਾਲੇ ਉਸ ਨੂੰ ਆਪਣੇ ਨਾਲ ਘਰ ਲੈ ਗਏ ਹਨ।
ਪੁਲਿਸ ਦੇ ਬੁਲਾਰੇ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਇੱਕ ਕਾਰ ਵਿੱਚ ਸਵਾਰ ਇਹ ਲੋਕ ਨੋਇਡਾ ਤੋਂ ਗ੍ਰੇਟਰ ਨੋਇਡਾ ਵੱਲ ਐਕਸਪ੍ਰੈਸਵੇਅ ਰਾਹੀਂ ਜਾ ਰਹੇ ਸਨ ਪਰ ਨੋਇਡਾ ਦੇ ਸੈਕਟਰ-146 ਮੈਟਰੋ ਸਟੇਸ਼ਨ ਨੇੜੇ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟੁੱਟੇ ਵਾਹਨ ਨਾਲ ਟਕਰਾ ਗਈ।
ਕਾਰ ਵਿੱਚ ਅਮਨ (27), ਉਸ ਦੇ ਪਿਤਾ ਦੇਵੀ ਸਿੰਘ (60), ਮਾਂ ਰਾਜਕੁਮਾਰੀ (50), ਵਿਮਲੇਸ਼ (40) ਅਤੇ ਕਮਲੇਸ਼ (40) ਸਵਾਰ ਸਨ। ਇਸ ਘਟਨਾ 'ਚ ਕਾਰ ਚਲਾ ਰਹੇ ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੋਰ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਲਾਸ਼ਾਂ ਦਾ ਪੋਸਟਮਾਰਟਮ ਸੈਕਟਰ 94 ਦੇ ਮੁਰਦਾਘਰ ਵਿੱਚ ਕੀਤਾ ਗਿਆ, ਜਿੱਥੇ ਗੌਤਮ ਬੁੱਧ ਨਗਰ ਦੇ ਸੰਸਦ ਮੈਂਬਰ ਡਾਕਟਰ ਮਹੇਸ਼ ਸ਼ਰਮਾ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਦਾਦਰੀ ਦੇ ਵਿਧਾਇਕ ਤੇਜਪਾਲ ਨਗਰ ਕਾਸ਼ੀਰਾਮ ਕਲੋਨੀ ਵਿੱਚ ਪੀੜਤਾਂ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ।
ਧਰਮਿੰਦਰ ਨੇ ਦੱਸਿਆ ਕਿ ਬੀਤੀ ਸ਼ਾਮ ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ। ਉਨ੍ਹਾਂ ਅਨੁਸਾਰ ਅੱਜ ਤੜਕੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ।
ਇਸ ਘਟਨਾ ਦਾ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੰਨਾਟਾ ਛਾ ਗਿਆ ਹੈ। ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆ ਰਹੇ ਹਨ।
ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲੇ ਜੀਵਨ ਲਾਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।