
ਪ੍ਰਮਾਤਮਾ ਵਲੋਂ ਦਿੱਤੀ ਦੌਲਤ ਹੈ ਜੋ ਕਦੇ ਵੀ ਖ਼ਤਮ ਨਹੀਂ ਹੋਵੇਗੀ ਤੇ ਇਸ ਦੌਲਤ ਨੂੰ ਉਹ ਹਮੇਸ਼ਾ ਸੰਭਾਲ ਕੇ ਰਖਣਗੇ।
ਨਵੀਂ ਦਿੱਲੀ (ਸੁਰਖਾਬ ਚੰਨ)- ਅੱਜ 381 ਦਿਨਾਂ ਬਾਅਦ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਲੰਮਾ ਸੰਘਰਸ਼ ਕਰ ਕੇ ਘਰ ਵਾਪਸੀ ਕਰ ਰਹੇ ਹਨ ਤੇ ਇਸ ਅੰਦੋਲਨ ਵਿਚ ਹਰ ਕਿਸੇ ਨੇ ਅਪਣਾ ਯੋਗਦਾਨ ਪਾਇਆ ਹੈ। ਕਿਸਾਨ ਅੰਦੋਲਨ ਵਿਚ ਗੋਲਡਨ ਹਟ ਵਾਲੇ ਰਾਣਾ ਰਾਮ ਸਿੰਘ ਦਾ ਵੀ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਅਪਣਾ ਹੋਟਲ ਗੋਲਡਨ ਹਟ ਕਿਸਾਨਾਂ ਦੇ ਨਾਮ ਕਰ ਦਿੱਤਾ ਸੀ ਤੇ ਜਿੰਨੀ ਸੇਵਾ ਹੋ ਸਕਦੀ ਸੀ ਉਹਨੀਂ ਸੇਵਾ ਪੂਰੇ ਤਨ-ਮਨ, ਧਨ ਨਾਲ ਕੀਤੀ। ਅੱਜ ਕਿਸਾਨ ਅੰਦੋਲਨ ਦੇ ਫਤਿਹ ਮਾਰਚ ਦੌਰਾਨ ਜਿਥੇ ਕਿਸਾਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਉਥੇ ਹੀ ਰਾਮ ਸਿੰਘ ਰਾਣਾ 'ਤੇ ਵੀ ਫੁੱਲਾਂ ਦੀ ਵਰਖਾ ਹੋਈ ਤੇ ਉਹਨਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਅੰਦੋਲਨ ਦੀ ਹੋਈ ਜਿੱਤ ਦੀ ਖੁਸ਼ੀ ਪ੍ਰਗਟ ਕੀਤੀ।
Ram Singh Rana
ਉਹਨਾਂ ਨੇ ਦਸਿਆ ਕਿ ਕਿਸਾਨ ਅੰਦੋਲਨ ਵਿਚ ਕੀਤੀ ਸੇਵਾ ਲਈ ਉਹਨਾਂ ਦਾ ਹੁਣ ਤੱਕ 16 ਤੋਂ 17 ਕਰੋੜ ਦਾ ਖਰਚਾ ਹੋ ਗਿਆ ਹੈ ਤੇ ਸਿਰਫ਼ ਅੱਜ ਫਤਿਹ ਮਾਰਚ ਦੌਰਾਨ ਕਰੀਬ 10 ਲੱਖ ਦਾ ਖਰਚ ਆਇਆ ਹੈ ਪਰ ਉਹਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਬਲਕਿ ਉਹਨਾਂ ਨੂੰ ਜੋ ਅਸੀਸਾਂ ਮਿਲੀਆਂ ਹਨ ਤੇ ਕਿਸਾਨਾਂ ਦਾ ਬੀਬੀਆਂ ਦਾ ਪਿਆਰ ਮਿਲਿਆ ਹੈ ਉਹ ਹੀ ਉਹਨਾਂ ਲਈ ਮਾਇਨੇ ਰੱਖਦਾ ਹੈ। ਰਾਮ ਸਿੰਘ ਰਾਣਾ ਨੇ ਕਿਹਾ ਕਿ ਉਹਨਾਂ ਦੀ ਇਹੀ ਅਸਲ ਕਮਾਈ ਹੈ ਤੇ ਪ੍ਰਮਾਤਮਾ ਨੇ ਇਕ ਮਿੱਟੀ ਦੇ ਕਣ ਨੂੰ ਸਟਾਰ ਬਣਾ ਦਿੱਤਾ ਹੈ, ਉਹਨਾਂ ਕਿਹਾ ਕਿ ਇਹ ਪ੍ਰਮਾਤਮਾ ਵਲੋਂ ਦਿੱਤੀ ਦੌਲਤ ਹੈ ਜੋ ਕਦੇ ਵੀ ਖ਼ਤਮ ਨਹੀਂ ਹੋਵੇਗੀ ਤੇ ਇਸ ਦੌਲਤ ਨੂੰ ਉਹ ਹਮੇਸ਼ਾ ਸੰਭਾਲ ਕੇ ਰਖਣਗੇ।
Ram Singh Rana
ਚੋਣਾਂ ਲੜਨ ਦੀ ਗੱਲ ਨੂੰ ਲੈ ਕੇ ਰਾਮ ਸਿੰਘ ਰਾਣਾ ਨੇ ਕਿਹਾ ਕਿ ਉਹ ਇਸ ਲਾਈਨ ਵਿਚ ਨਹੀਂ ਜਾਣਾ ਚਾਹੁੰਦੇ ਪਰ ਜੇ ਸੰਯੁਕਤ ਕਿਸਾਨ ਮੋਰਚਾ ਮੇਰੀ ਕਿਤੇ ਵੀ ਡਿਊਟੀ ਲਗਾਵੇਗਾ ਤਾਂ ਉਹ ਉੱਥੇ ਜਾਣ ਨੂੰ ਤਿਆਰ ਹੈ। ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀਆਂ ਲੈਣੀਆਂ ਬਹੁਤ ਸੌਖੀਆਂ ਹਨ ਪਰ ਨਿਭਾਉਣੀਆਂ ਬਹੁਤ ਔਖੀਆਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਤੇ ਮੇਰੇ ਪਰਿਵਾਰ ਨੇ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਕਿਸਾਨਾਂ ਦੀ ਸੇਵਾ ਕੀਤੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਸਾਨੂੰ ਅੱਜ ਇਹ ਖੁਸ਼ੀ ਦਾ ਦਿਨ ਦੇਖਣ ਨੂੰ ਮਿਲਿਆ।
ਇਸ ਦੇ ਨਾਲ ਹੀ ਰਾਮ ਸਿੰਘ ਰਾਣਾ ਦੀ ਮਾਤਾ ਜੀ ਨੇ ਕਿਹਾ ਕਿ ਰਾਣਾ ਨੇ ਕਦੇ ਵੀ ਕਿਸੇ ਕੰਮ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਚਿੰਤਾ ਕਰ ਕੇ ਵੀ ਕੁੱਝ ਨਹੀਂ ਹੁੰਦਾ ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹ ਹੋ ਕੇ ਰਹੇਗਾ। ਪ੍ਰਮਾਤਮਾ ਨੇ ਸਾਨੂੰ ਐਨੀਆਂ ਦੁਆਵਾਂ ਦੇ ਦਿੱਤੀਆਂ ਬਹੁਤ ਨੇ ਖਰਚਾ ਤਾਂ ਚਲਦਾ ਰਹਿੰਦਾ ਹੈ।