
ਸੁਰੱਖਿਆ ਬਲਾਂ ਵਲੋਂ ਸਾਜ਼ਿਸ਼ ਨਾਕਾਮ
ਕਸ਼ਮੀਰ ਦੇ ਹੰਦਵਾੜਾ-ਬਾਰਾਮੂਲਾ ਹਾਈਵੇਅ ’ਤੇ ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਇਕ ਸ਼ੱਕੀ ਵਿਸਫੋਟਕ ਸਮੱਗਰੀ (ਆਈਈਡੀ) ਮਿਲੀ ਹੈ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ। ਸੁਰੱਖਿਆ ਬਲਾਂ ਨੇ ਆਈਈਡੀ ਨੂੰ ਨਸ਼ਟ ਕਰ ਦਿਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਕੁਪਵਾੜਾ ਜ਼ਿਲੇ੍ਹ ਦੇ ਹੰਦਵਾੜਾ ਖੇਤਰ ਦੇ ਲੰਗੇਟ ’ਤੇ ਪੁਲਿਸ ਤੇ ਫੌਜ ਦੀ ਇਕ ਸਾਂਝੀ ਗਸ਼ਤ ਟੀਮ ਨੂੰ ਹਾਈਵੇਅ ’ਤੇ ਇਕ ਸ਼ੱਕੀ ਬੈਗ਼ ਮਿਲਿਆ। ਉਨ੍ਹਾਂ ਦਸਿਆ ਕਿ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਸ਼ੱਕੀ ਬੈਗ਼ ਨੂੰ ਸੁੰਨਸਾਨ ਥਾਂ ’ਤੇ ਲਿਜਾਇਆ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਬੰਬ ਨਿਰੋਧਕ ਦਸਤੇ ਨੇ ਇਕ ਨਿਯੰਤਰਤ ਧਮਾਕੇ ਵਿਚ ਸ਼ੱਕੀ ਆਈਈਡੀ ਨੂੰ ਨਸ਼ਟ ਕਰ ਦਿਤਾ। ਇਸ ਘਟਨਾ ’ਚ ਕੋਈ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਦਸੰਬਰ ਨੂੰ ਸ਼੍ਰੀਨਗਰ-ਬਾਰਾਮੂਲਾ ਰਾਸ਼ਟਰੀ ਰਾਜਮਾਰਗ ’ਤੇ ਟੀਸੀਪੀ ਪਲਹਾਲਨ ’ਤੇ ਇਕ ਸ਼ੱਕੀ ਬੈਗ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸੀ।
ਸੂਚਨਾ ਮਿਲਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੈਗ ਵਿਚ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲਗਾਇਆ ਗਿਆ ਸੀ। ਸੁਰੱਖਿਆ ਬਲਾਂ ਨੇ ਆਈਈਡੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅੱਤਵਾਦੀਆਂ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿਤਾ। ਬਾਅਦ ਵਿੱਚ ਫੌਜ ਨੇ ਸ਼ੱਕੀ ਵਸਤੂ ਨੂੰ ਨਸ਼ਟ ਕਰ ਦਿਤਾ।