
'ਹੈਲਮੇਟ ਨਹੀਂ ਤਾਂ ਤੇਲ ਨਹੀਂ’
ਲਖਨਊ : ਉੱਤਰ ਪ੍ਰਦੇਸ਼ ਦੇ ਟਰਾਂਸਪੋਰਟ ਵਿਭਾਗ ਨੇ ਦੋ ਪਹੀਆ ਗੱਡੀਆਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਮੌਤਾਂ ਦੀਆਂ ਘਟਨਾਵਾਂ ’ਚ ਕਮੀ ਲਿਆਉਣ ਲਈ ਸੂਬੇ ਭਰ ’ਚ ‘ਹੈਲਮੇਟ ਨਹੀਂ ਤਾਂ ਤੇਲ ਨਹੀਂ’ ਨੀਤੀ ਦਾ ਪ੍ਰਸਤਾਵ ਰੱਖਿਆ ਹੈ। ਟਰਾਂਸਪੋਰਟ ਕਮਿਸ਼ਨਰ ਬ੍ਰਜੇਸ਼ ਨਰਾਇਣ ਸਿੰਘ ਨੇ 8 ਜਨਵਰੀ ਨੂੰ ਇਕ ਅਧਿਕਾਰਤ ਪੱਤਰ ਜਾਰੀ ਕਰ ਕੇ ਪਟਰੌਲ ਪੰਪ ਸੰਚਾਲਕਾਂ ਨੂੰ ਹੁਕਮ ਦਿਤੇ ਸਨ ਕਿ ਉਹ ਬਿਨਾਂ ਹੈਲਮੇਟ ਪਹਿਨੇ ਤੇਲ ਖਰੀਦਣ ਆਉਣ ਵਾਲੇ ਲੋਕਾਂ ਨੂੰ ਤੇਲ ਨਾ ਦੇਣ।
ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਡਵੀਜ਼ਨਲ ਟਰਾਂਸਪੋਰਟ ਕਮਿਸ਼ਨਰਾਂ ਨੂੰ ਭੇਜੇ ਪੱਤਰ ’ਚ ਇਸ ਹੁਕਮ ਨੂੰ ਤੁਰਤ ਲਾਗੂ ਕਰਨ ’ਤੇ ਜ਼ੋਰ ਦਿਤਾ ਗਿਆ ਹੈ। ਅਖਬਾਰ ਨੇ ਅੰਕੜਿਆਂ ਦਾ ਹਵਾਲਾ ਦਿਤਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਦੋ ਪਹੀਆ ਵਾਹਨ ਹਾਦਸੇ ਦੇ ਪੀੜਤਾਂ ਦੀ ਵੱਡੀ ਗਿਣਤੀ ਉਹ ਹਨ ਜਿਨ੍ਹਾਂ ਨੇ ਘਟਨਾ ਦੇ ਸਮੇਂ ਹੈਲਮੇਟ ਨਹੀਂ ਪਹਿਨਿਆ ਸੀ।
ਇਹ ਸੂਬੇ ’ਚ ਸੜਕ ਸੁਰੱਖਿਆ ਉਪਾਵਾਂ ਦੀ ਸਮੀਖਿਆ ਦੌਰਾਨ ਇਸ ਮਹੀਨੇ ਦੇ ਸ਼ੁਰੂ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਜਾਰੀ ਹੁਕਮਾਂ ਨੂੰ ਵੀ ਉਜਾਗਰ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ’ਚ ਹਰ ਸਾਲ ਸੜਕ ਹਾਦਸਿਆਂ ’ਚ 25,000 ਤੋਂ 26,000 ਲੋਕਾਂ ਦੀ ਮੌਤ ਹੋ ਜਾਂਦੀ ਹੈ।