
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਦੇਹਰਾਦੂਨ : ਉਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸ਼੍ਰੀਨਗਰ ਇਲਾਕੇ ’ਚ ਐਤਵਾਰ ਨੂੰ ਇਕ ਬੱਸ ਦੇ ਖੱਡ ’ਚ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ।
ਸੂਬਾ ਬਿਪਤਾ ਕਾਰਵਾਈ ਫੋਰਸ (ਐੱਸ.ਡੀ.ਆਰ.ਐੱਫ.) ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਦਹਲਚੌਰੀ ਨੇੜੇ ਵਾਪਰਿਆ, ਜਿੱਥੇ ਬੱਸ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ 100 ਮੀਟਰ ਹੇਠਾਂ ਖੱਡ ’ਚ ਡਿੱਗ ਗਈ। ਬੱਸ ਪੌੜੀ ਤੋਂ ਦਹਲਚੌਰੀ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਅਤੇ ਇਸ ’ਚ 22 ਲੋਕ ਸਵਾਰ ਸਨ।
ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਨੇ ਬਾਅਦ ਵਿਚ ਦਮ ਤੋੜ ਦਿਤਾ। ਸਥਾਨਕ ਲੋਕਾਂ ਨੇ ਵੀ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ’ਚ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਪੌੜੀ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਜ਼ਖਮੀਆਂ ਵਿਚੋਂ ਅੱਠ ਨੂੰ ਉੱਚ ਸਿਹਤ ਕੇਂਦਰ ਸ਼੍ਰੀਨਗਰ ਰੈਫਰ ਕਰ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੌੜੀ ਦੇ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਆਸ਼ੀਸ਼ ਚੌਹਾਨ ਮੌਕੇ ’ਤੇ ਪਹੁੰਚੇ ਅਤੇ ਅਪਣੀ ਨਿਗਰਾਨੀ ਹੇਠ ਬਚਾਅ ਕਾਰਜ ਕੀਤਾ। ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਦੇ ਹੁਕਮ ਦਿਤੇ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਇਸ ਘਾਟੇ ਨੂੰ ਸਹਿਣ ਕਰਨ ਦੀ ਤਾਕਤ ਦੇਵੇ। ਧਾਮੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਵੀ ਕੀਤੀ।