
ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਕਿਹਾ, ਟਰੰਪ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਤਰਜੀਹ ਦੇ ਰਿਹਾ ਹੈ।
ਪੈਰਿਸ/ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਰਾਂਸ ਦੀ ਅਪਣੀ ਦੋ ਦਿਨਾਂ ਦੀ ਯਾਤਰਾ ਪੂਰੀ ਕਰਨ ਮਗਰੋਂ ਅਮਰੀਕਾ ਲਈ ਰਵਾਨਾ ਹੋ ਗਏ, ਜਿੱਥੇ ਉਹ ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਨਾਲ ਦੁਵੱਲੀ ਗੱਲਬਾਤ ਕਰਨਗੇ। ਜਨਵਰੀ ’ਚ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਣ ਮਗਰੋਂ ਮੋਦੀ ਟਰੰਪ ਨਾਲ ਮਿਲਣ ਵਾਲੇ ਚੌਥੇ ਵਿਦੇਸ਼ੀ ਨੇਤਾ ਹੋਣਗੇ।
ਇਸ ਤੋਂ ਪਹਿਲਾਂ ਅੱਜ ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਤਰਜੀਹ ਦੇ ਰਿਹਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਭਾਰਤ ’ਚ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਦਲਣ ਅਤੇ ਚੀਨ ਨਾਲ ਮੁਕਾਬਲਾ ਕਰਨ ਲਈ ਇਕ ‘ਮਹੱਤਵਪੂਰਨ ਭਾਈਵਾਲ’ ਬਣਨ ਦੀ ਸਮਰੱਥਾ ਹੈ। ਵ੍ਹਾਈਟ ਹਾਊਸ ਦੇ ਇਕ ਸਾਬਕਾ ਅਧਿਕਾਰੀ ਨੇ ਇਹ ਗੱਲ ਕਹੀ।
ਕਰਟਿਸ 2017 ਤੋਂ 2021 ਤਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੌਮੀ ਸੁਰੱਖਿਆ ਪ੍ਰੀਸ਼ਦ ’ਚ ਦਖਣੀ ਅਤੇ ਮੱਧ ਏਸ਼ੀਆ ਲਈ ਸੀਨੀਅਰ ਡਾਇਰੈਕਟਰ ਸਨ। ਮੋਦੀ ਦੀ ਯਾਤਰਾ ਦੀ ਪੂਰਵ ਸੰਧਿਆ ’ਤੇ ਵਾਸ਼ਿੰਗਟਨ ਡੀ.ਸੀ. ’ਚ ਸੈਂਟਰ ਫਾਰ ਏ ਨਿਊ ਅਮਰੀਕਨ ਸਕਿਓਰਿਟੀ (ਸੀ.ਐੱਨ.ਏ.ਐੱਸ.) ਸਥਿਤ ਥਿੰਕ ਟੈਂਕ ਵਲੋਂ ਮੰਗਲਵਾਰ ਨੂੰ ਆਨਲਾਈਨ ਮੀਡੀਆ ਬ੍ਰੀਫਿੰਗ ਦੌਰਾਨ ਕਰਟਿਸ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਟਰੰਪ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਤਰਜੀਹ ਦੇ ਰਿਹਾ ਹੈ।
ਥਿੰਕ ਟੈਂਕ ਦੇ ਸੀਨੀਅਰ ਫੈਲੋ ਅਤੇ ਇੰਡੋ-ਪੈਸੀਫਿਕ ਸਕਿਓਰਿਟੀ ਪ੍ਰੋਗਰਾਮ ਦੇ ਨਿਰਦੇਸ਼ਕ ਕਰਟਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਇਕ ਉੱਭਰਰਹੀ ਵਿਸ਼ਵ ਸ਼ਕਤੀ ਹੈ ਅਤੇ ਇਸ ਵਿਚ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਨੀਆਂ ਨੂੰ ਬਦਲਣ ਦੀ ਸਮਰੱਥਾ ਹੈ।ਕਰਟਿਸ ਨੇ ਕਿਹਾ ਕਿ ਇਹ ਬਹੁਤ ਹੀ ਕਮਾਲ ਦੀ ਗੱਲ ਹੈ ਕਿ ਨਵੇਂ ਟਰੰਪ ਪ੍ਰਸ਼ਾਸਨ ਦੇ ਅਧੀਨ ਘਰੇਲੂ ਪੱਧਰ ’ਤੇ ਹੋਣ ਵਾਲੀ ਹਰ ਚੀਜ਼ ’ਚ ਭਾਰਤ ’ਤੇ ਏਨਾ ਧਿਆਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਭਾਰਤ ਸਰਕਾਰ ਨੇ ਵੀ ਵੀਰਵਾਰ ਦੀ ਬੈਠਕ ਲਈ ਅਨੁਕੂਲ ਮਾਹੌਲ ਬਣਾਉਣ ਲਈ ਸਕਾਰਾਤਮਕ ਕਦਮ ਚੁਕੇ ਹਨ।