
Threat to PM Modi: ਮੁੰਬਈ ਪੁਲਿਸ ਨੇ ਫ਼ੋਨ ਕਰ ਕੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਧਮਕੀ ਦੇਣ ਵਾਲੇ ਮਾਨਸਿਕ ਤੌਰ ’ਤੇ ਦਸਿਆ ਜਾ ਰਿਹਾ ਬਿਮਾਰ
Threat to PM Modi: ਮੁੰਬਈ ਪੁਲਿਸ ਨੇ ਬੁਧਵਾਰ ਨੂੰ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਅਮਰੀਕਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਜਹਾਜ਼ ’ਤੇ ਅਤਿਵਾਦੀ ਹਮਲੇ ਦੀ ਧਮਕੀ ਮਿਲੀ ਹੈ। ਫ਼ੋਨ ਕਰ ਕੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਮਾਨਸਿਕ ਤੌਰ ’ਤੇ ਬਿਮਾਰ ਦਸਿਆ ਜਾ ਰਿਹਾ ਹੈ।
ਏਐਨਆਈ ਨੇ ਮੁੰਬਈ ਪੁਲਿਸ ਦੇ ਹਵਾਲੇ ਨਾਲ ਕਿਹਾ, ‘‘11 ਫ਼ਰਵਰੀ ਨੂੰ, ਮੁੰਬਈ ਪੁਲਿਸ ਕੰਟਰੋਲ ਰੂਮ ਵਿਚ ਇਕ ਕਾਲ ਆਈ ਸੀ ਕਿ ਜਿਸ ਵਿਚ ਚੇਤਾਵਨੀ ਦਿਤੀ ਗਈ ਸੀ ਕਿ ਅਤਿਵਾਦੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ’ਤੇ ਹਮਲਾ ਕਰ ਸਕਦੇ ਹਨ, ਕਿਉਂਕਿ ਉਹ ਅਧਿਕਾਰਤ ਵਿਦੇਸ਼ੀ ਦੌਰੇ ’ਤੇ ਜਾ ਰਹੇ ਹਨ। ਸੂਚਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਸ਼ੁਰੂ ਕੀਤੀ।’’ ਪੁਲਿਸ ਨੇ ਕਿਹਾ, ‘‘ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਧਮਕੀ ਭਰੀ ਕਾਲ ਕਰਨ ਵਾਲੇ ਵਿਅਕਤੀ ਨੂੰ ਚੇਂਬੂਰ ਇਲਾਕੇ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਉਹ ਮਾਨਸਿਕ ਤੌਰ ’ਤੇ ਬਿਮਾਰ ਹੈ।’’
ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਫਰਾਂਸ ਅਤੇ ਅਮਰੀਕਾ ਦੇ ਚਾਰ ਦਿਨਾਂ ਦੌਰੇ ’ਤੇ ਰਵਾਨਾ ਹੋਏ। ਉਹ ਬੁਧਵਾਰ ਨੂੰ ਦੋ ਦਿਨਾਂ ਅਮਰੀਕਾ ਦੌਰੇ ਦੀ ਸ਼ੁਰੂਆਤ ਕਰਨ ਵਾਲੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੰਬਈ ਪੁਲਿਸ ਨੂੰ ਪੀਐਮ ਮੋਦੀ ਦੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਅਧਿਕਾਰੀਆਂ ਦੇ ਅਨੁਸਾਰ, ਪਿਛਲੇ ਸਾਲ ਦਸੰਬਰ ਵਿਚ ਟਰੈਫ਼ਿਕ ਪੁਲਿਸ ਹੈਲਪਲਾਈਨ ਨੂੰ ਇਕ ਧਮਕੀ ਭੇਜੀ ਗਈ ਸੀ, ਜਿਸ ਵਿਚ ਦੋ ਕਥਿਤ ਆਈਐਸਆਈ ਏਜੰਟਾਂ ਦੀ ਸ਼ਮੂਲੀਅਤ ਵਾਲੇ ਬੰਬ ਦੀ ਸਾਜ਼ਸ਼ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਕਾਂਦੀਵਾਲੀ ਦੀ ਰਹਿਣ ਵਾਲੀ 34 ਸਾਲਾ ਸ਼ੀਤਲ ਚਵ੍ਹਾਨ ਨੂੰ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਚਵ੍ਹਾਨ ਨੇ ਕਥਿਤ ਤੌਰ ’ਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਕੋਲ ਹਥਿਆਰ ਤਿਆਰ ਹਨ।