
ਗਾਂਧੀ ਪਰਵਾਰ ਨੇ ਹਮੇਸ਼ਾ ਸਿੰਧੀਆ ਤੇ ਪਰਵਾਰ ਦਾ ਸਨਮਾਨ ਕੀਤਾ
ਭੋਪਾਲ : ਕਾਂਗਰਸ ਦੇ ਦਿਗਜ਼ ਆਗੂ ਜਿਓਤਿਰਾਦਿਤਿਆ ਸਿੰਧੀਆ ਕਾਂਗਰਸ ਦੇ ਬੇੜੇ ਵਿਚੋਂ ਛਲਾਗ ਲਗਾ ਭਾਜਪਾ ਦੇ ਖੇਮੇ ਵਿਚ ਜਾ ਬਿਰਾਜੇ ਹਨ। ਉਨ੍ਹਾਂ ਵਲੋਂ ਦਿਤੇ ਗਏ ਝਟਕੇ ਤੋਂ ਕਾਂਗਰਸ ਸਦਮੇ ਵਿਚ ਹੈ ਜਦਕਿ ਭਾਜਪਾਈ ਬਾਗੋਬਾਗ਼ ਵਿਖਾਈ ਦੇ ਰਹੇ ਹਨ। ਸਿੰਧੀਆ ਦੀ ਬੇਵਫ਼ਾਈ ਦਾ ਦਰਦ ਕਹਿ ਲਓ ਜਾਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਜਾਦੂ, ਅਜੇ ਤਕ ਕੋਈ ਵੀ ਵੱਡਾ ਕਾਂਗਰਸੀ ਆਗੂ ਉਨ੍ਹਾਂ ਖਿਲਾਫ਼ ਖੁਲ੍ਹ ਕੇ ਨਹੀਂ ਬੋਲਿਆ।
Photo
ਜਿਹੜੇ ਆਗੂ ਕੁੱਝ ਬੋਲੇ ਵੀ ਨੇ, ਉਨ੍ਹਾਂ ਨੇ ਵੀ ਨੱਪੇ-ਤੋਲੇ ਸ਼ਬਦਾਂ ਵਿਚ ਹੀ ਅਪਣੀ ਪ੍ਰਕਿਰਿਆ ਜ਼ਾਹਰ ਕੀਤੀ ਹੈ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਸਿੰਧੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਭÎਵਿੱਖੀ ਸੁਰੱਖਿਆ ਪ੍ਰਤੀ ਕਾਮਨਾ ਕੀਤੀ ਹੈ। ਦਿਗਵਿਜੇ ਸਿੰਘ ਨੇ ਕਿਹਾ ਕਿ ਮੈਂ ਕਾਮਨਾ ਕਰਦਾ ਹਾਂ ਕਿ ਜਿਓਤਿਰਾਦਿਤਿਆ ਸਿੰਧੀਆ ਭਾਜਪਾ 'ਚ ਸੁਰੱਖਿਅਤ ਰਹਿਣ।
Photo
ਇਸ ਤੋਂ ਪਹਿਲਾਂ ਵੀ ਦਿਗਵਿਜੇ ਸਿੰਘ ਸਿੰਧੀਆ ਦੇ ਜਾਣ ਬਾਰੇ ਬਿਆਨ ਦੇ ਚੁੱਕੇ ਹਨ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਸਿੰਧੀਆ ਕਾਂਗਰਸ 'ਚੋਂ ਅਸਤੀਫ਼ਾ ਦੇ ਸਕਦੇ ਹਨ। ਦਿਗਵਿਜੇ ਨੇ ਵੀਰਵਾਰ ਨੂੰ ਟਵੀਟ ਜ਼ਰੀਏ ਕਿਹਾ ਕਿ ਮੈਂ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸਿੰਧੀਆ ਨੂੰ ਭਾਜਪਾ 'ਚ ਸੁਰੱਖਿਅਤ ਰੱਖਣ।''
Photo
ਸਿੰਧੀਆ ਪਰਵਾਰ ਦੇ ਗਾਂਧੀ ਪਰਵਾਰ ਨਾਲ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗਾਂਧੀ ਪਰਵਾਰ ਨੇ ਹਮੇਸ਼ਾ ਮਾਧਵ ਰਾਵ ਜੀ ਅਤੇ ਜਿਓਤਿਰਾਦਿਤਿਆ ਜੀ ਦਾ ਸਨਮਾਨ ਕੀਤਾ ਹੈ। ਦਿਗਵਿਜੇ ਸਿੰਘ ਨੇ ਅਪਣੇ ਟਵੀਟ ਨਾਲ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਵੀ ਟੈਗ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸਿੰਧੀਆ ਅਜਿਹੇ ਇਕਲੌਤੇ ਵਿਅਕਤੀ ਸਨ, ਜੋ ਮੇਰੇ ਘਰ ਕਦੇ ਵੀ ਆ ਸਕਦੇ ਸਨ।
Photo
ਕਾਬਲੇਗੌਰ ਹੈ ਕਿ ਕਾਂਗਰਸ ਦੇ ਸੀਨੀਅਰ ਆਗੂਆਂ 'ਚ ਸ਼ੁਮਾਰ ਰਹੇ ਜਿਓਤਿਰਾਦਿਤਿਆ ਨੇ ਬੀਤੇ ਦਿਨੀਂ ਹੋਲੀ ਵਾਲੇ ਦਿਨ ਕਾਂਗਰਸ 'ਚੋਂ ਅਸਤੀਫ਼ਾ ਦੇ ਦਿਤਾ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਦਾ ਐਲਾਨ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਕੀਤਾ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਾਥੀ ਵਿਧਾਇਕ ਵੀ ਅਸਤੀਫ਼ੇ ਦੇ ਚੁਕੇ ਹਨ। ਬੁੱਧਵਾਰ ਨੂੰ ਉਨ੍ਹਾਂ ਭਾਜਪਾ ਦੇ ਕੇਂਦਰੀ ਦਫ਼ਤਰ ਵਿਚ ਜਾ ਕੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜ ਲਿਆ ਸੀ।
Photo
ਭਾਜਪਾ ਨੇ ਵੀ ਸਿੰਧੀਆਂ ਨੂੰ ਬੋਨਸ ਵਜੋਂ ਰਾਜ ਸਭਾ ਦਾ ਟਿਕਟ ਥਮਾ ਦਿਤਾ ਹੈ ਅਤੇ ਆਉਂਦੇ ਦਿਨਾਂ ਵਿਚ ਉਨ੍ਹਾਂ ਨੂੰ ਕੇਂਦਰ 'ਚ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਦੀਆਂ ਕਿਆਸ-ਅਰਾਈਆਂ ਦਾ ਬਜ਼ਾਰ ਵੀ ਗਰਮ ਹੈ। ਬਾਕੀ ਸਿੰਧੀਆਂ ਵਲੋਂ ਚੁੱਕੇ ਗਏ ਕਦਮ ਦੇ ਨਫ਼ੇ-ਨੁਕਸਾਨਾਂ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਦੌਰਾਨ ਹੀ ਲੱਗ ਸਕੇਗਾ ਪਰ ਕਾਂਗਰਸ ਲਈ ਉਸ ਦੇ ਕਦਮ ਦੇ ਦੂਰਅੰਗਾਮੀਂ ਨਤੀਜੇ ਨਿਕਲਣੇ ਤਹਿ ਹਨ।