
Fake job scams: ਦੋ ਦਿਨਾਂ ’ਚ ਕੁੱਲ 549 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ
ਥਾਈਲੈਂਡ ਦੇ ਗੁਆਂਢੀ ਦੇਸ਼ਾਂ ’ਚ ਘੁਟਾਲੇ ਕੇਂਦਰਾਂ ’ਚ ਸਾਈਬਰ ਕ੍ਰਾਈਮ ਲਈ ਕੀਤਾ ਜਾਂਦਾ ਸੀ ਮਜਬੂਰ
Fake job scams in Myanmar and Thailand: ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਮਿਆਂਮਾਰ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ 549 ਭਾਰਤੀਆਂ ਨੂੰ ਵਾਪਸ ਭੇਜਣ ਵਿੱਚ ਸਫ਼ਲਤਾ ਹਾਸਲ ਕੀਤੀ, ਜਿਨ੍ਹਾਂ ਨੂੰ ਨੌਕਰੀ ਦੇ ਫ਼ਰਜ਼ੀ ਪੇਸ਼ਕਸ਼ਾਂ ਦਾ ਲਾਲਚ ਦਿੱਤਾ ਗਿਆ ਸੀ। ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਨੌਕਰੀ ਸਵੀਕਾਰ ਕਰਨ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਰੁਜ਼ਗਾਰਦਾਤਾਵਾਂ ਅਤੇ ਭਰਤੀ ਏਜੰਟਾਂ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਦਿੱਤੀ ਹੈ।
ਥਾਈਲੈਂਡ ’ਚ ਭਾਰਤੀ ਦੂਤਾਵਾਸ ਨੇ ਇਕ ਪੋਸਟ ਵਿਚ ਕਿਹਾ, ‘‘ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਮਿਆਂਮਾਰ ਵਿੱਚ ਭਾਰਤੀ ਦੂਤਾਵਾਸ ਅਤੇ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ 10 ਅਤੇ 11 ਮਾਰਚ 2025 ਨੂੰ ਦੋ ਵਿਸ਼ੇਸ਼ ਉਡਾਣਾਂ ਰਾਹੀਂ ਥਾਈਲੈਂਡ ਦੇ ਮਾਈ ਸੋਤ ਰਾਹੀਂ 549 ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਵਿਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਨੂੰ ਮਿਆਂਮਾਰ ਥਾਈਲੈਂਡ ਸਹਰੱਦ ਕੋਲ ਦੇ ਇਲਾਕਿਆਂ ’ਚ ਮਿਆਂਮਾਰ ਵਿਚ ਚੱਲ ਰਹੇ ਘੋਟਾਲੇ ਕੇਂਦਰਾਂ ਤੋਂ ਬਚਾਇਆ ਗਿਆ।’’
ਦੂਤਾਵਾਸ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਥਾਈਲੈਂਡ ਦੇ ਗੁਆਂਢੀ ਦੇਸ਼ਾਂ ਵਿੱਚ ਘੁਟਾਲੇ ਕੇਂਦਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਹ ਭਾਰਤ ਸਰਕਾਰ ਦੇ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਅਤੇ ਵਾਪਸ ਭੇਜਣ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ, ਜਿਨ੍ਹਾਂ ਨੂੰ ਫ਼ਰਜ਼ੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਦਾ ਲਾਲਚ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਥਾਈਲੈਂਡ ਦੇ ਗੁਆਂਢੀ ਦੇਸ਼ਾਂ ਵਿੱਚ ਘੁਟਾਲੇ ਦੇ ਕੇਂਦਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਭਾਰਤੀ ਨਾਗਰਿਕਾਂ ਨੂੰ ਇੱਕ ਵਾਰ ਫਿਰ ਸਲਾਹ ਦਿਤੀ ਜਾਂਦੀ ਹੈ ਕਿ ਉਹ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਵਿਦੇਸ਼ੀ ਮਾਲਕਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਅਤੇ ਭਰਤੀ ਏਜੰਟਾਂ ਤੇ ਕੰਪਨੀਆਂ ਦੇ ਟਰੈਕ ਰਿਕਾਰਡ ਦੀ ਜਾਂਚ ਕਰਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਮਿਆਂਮਾਰ ਅਤੇ ਥਾਈਲੈਂਡ ਵਿੱਚ ਭਾਰਤੀ ਦੂਤਾਵਾਸਾਂ ਨੇ ਮਾਈ ਸੋਤ, ਥਾਈਲੈਂਡ ਤੋਂ ਭਾਰਤੀ ਹਵਾਈ ਸੈਨਾ (ਏਆਈਐਫ਼) ਦੇ ਜਹਾਜ਼ਾਂ ਦੁਆਰਾ 283 ਭਾਰਤੀ ਨਾਗਰਿਕਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਨਾਗਰਿਕਾਂ ਨੂੰ ਮਿਆਂਮਾਰ-ਥਾਈਲੈਂਡ ਸਰਹੱਦ ’ਤੇ ਚੱਲ ਰਹੇ ਘੁਟਾਲੇ ਕੇਂਦਰਾਂ ’ਚ ਸਾਈਬਰ ਅਪਰਾਧ ਅਤੇ ਹੋਰ ਧੋਖਾਧੜੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਗਿਆ ਸੀ।
(For more news apart from Fake job scams Latest News, stay tuned to Rozana Spokesman)