
ਰਾਹੁਲ ਗਾਂਧੀ ਨੇ ਸਾਰਿਆਂ ਲਈ ਕੋਵਿਡ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਸੂਬਿਆਂ ਵਿਚ ਵੈਕਸੀਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ ’ਤੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾ ਬੋਲ ਰਹੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਰਿਆਂ ਲਈ ਕੋਵਿਡ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਟਵਿਟਰ ਜ਼ਰੀਏ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਨੇ ਇਕ ਵੀਡੀਓ ਵੀ ਜਾਰੀ ਕੀਤੀ।
Rahul Gandhi
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਕੋਰੋਨਾ ਵੈਕਸੀਨ ਦੇਸ਼ ਦੀ ਜ਼ਰੂਰਤ ਹੈ। ਤੁਸੀਂ ਵੀ ਇਸ ਦੇ ਲਈ ਅਪਣੀ ਆਵਾਜ਼ ਬੁਲੰਦ ਕਰੋ- ਸਾਰਿਆਂ ਨੂੰ ਹੱਕ ਹੈ ਸੁਰੱਖਿਅਤ ਜੀਵਨ ਦਾ। #SpeakUpForVaccinesForAll’। ਦੱਸ ਦਈਏ ਕਿ ਕਾਂਗਰਸ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਵੈਕਸੀਨ ਲਈ 45 ਸਾਲ ਦੀ ਉਮਰ ਸੀਮਾ ਖਤਮ ਕੀਤੀ ਜਾਵੇ ਅਤੇ ਇਸ ਦੇ ਨਿਰਯਾਤ ਉੱਤੇ ਵੀ ਰੋਕ ਲਗਾਈ ਜਾਵੇ।
Corona vaccine
ਇਸ ਤੋਂ ਪਹਿਲਾਂ ਇਕ ਟਵੀਟ ਵਿਚ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਸੀ। ਉਹਨਾਂ ਲਿਖਿਆ, ‘ਕੇਂਦਰ ਸਰਕਾਰ ਦੀਆਂ ਫੇਲ੍ਹ ਨੀਤੀਆਂ ਨਾਲ ਦੇਸ਼ ਵਿਚ ਕੋਰੋਨਾ ਦੀ ਭਿਆਨਕ ਦੂਜੀ ਲਹਿਰ ਹੈ ਅਤੇ ਪ੍ਰਵਾਸੀ ਮਜ਼ਦੂਰ ਦੁਬਾਰਾ ਘਰ ਵਾਪਸ ਜਾਣ ਲਈ ਮਜਬੂਰ ਹਨ। ਟੀਕਾਕਰਣ ਵਧਾਉਣ ਦੇ ਨਾਲ ਹੀ ਇਹਨਾਂ ਦੇ ਹੱਥਾਂ ਵਿਚ ਪੈਸੇ ਦਿੱਤੇ ਜਾਣ। ਇਹ ਆਮ ਲੋਕਾਂ ਦੇ ਜੀਵਨ ਅਤੇ ਦੇਸ਼ ਦੀ ਅਰਥਵਿਵਸਥਾ ਦੋਵਾਂ ਲਈ ਜ਼ਰੂਰੀ ਹੈ। ਪਰ ਹੰਕਾਰੀ ਸਰਕਾਰ ਨੂੰ ਚੰਗੇ ਸੁਝਾਅ ਤੋਂ ਐਲਰਜੀ ਹੈ!’
Rahul Gandhi on Corona vaccine
ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਸਾਰੇ ਭਾਰਤੀਆਂ ਨੂੰ ਵੈਕਸੀਨ ਦੇਣ ਲਈ ਟਵੀਟ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿਚ ਕੋਰੋਨਾ ਵੈਕਸੀਨ ਦੀ ਕਮੀ ਪਾਈ ਜਾ ਰਹੀ ਹੈ। ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਦਿੱਲੀ, ਝਾਰਖੰਡ ਅਤੇ ਦਿੱਲੀ ਆਦਿ ਸੂਬਿਆਂ ਵਿਚ ਵੈਕਸੀਨ ਦਾ ਕੁਝ ਦਿਨ ਦਾ ਸਟਾਕ ਹੀ ਬਚਿਆ ਹੈ।