
ਮੁੱਖ ਮੰਤਰੀ ਨੇ ਇਕ ਵਿਅਕਤੀ ਨੂੰ ਸੜਕ ’ਤੇ ਰੋਟੀ ਸੁੱਟਦੇ ਹੋਏ ਵੇਖਿਆ।
ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਨਿਚਰਵਾਰ ਨੂੰ ਨਾਗਰਿਕਾਂ ਨੂੰ ਸੜਕਾਂ ’ਤੇ ਭੋਜਨ ਸੁੱਟਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਸੜਕਾਂ ਨੂੰ ਸੁਰੱਖਿਅਤ ਰੱਖਣ ਅਤੇ ਆਵਾਜਾਈ ’ਚ ਵਿਘਨ ਤੋਂ ਬਚਣ ਲਈ ਜਾਨਵਰਾਂ ਨੂੰ ਜ਼ਿੰਮੇਵਾਰੀ ਨਾਲ ਖੁਆਉਣ।
ਸ਼ਹਿਰ ’ਚ ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਇਕ ਵਿਅਕਤੀ ਨੂੰ ਸੜਕ ’ਤੇ ਰੋਟੀ ਸੁੱਟਦੇ ਹੋਏ ਵੇਖਿਆ। ਉਨ੍ਹਾਂ ਨੇ ਅਪਣੀ ਕਾਰ ਰੋਕੀ ਅਤੇ ਉਸ ਵਿਅਕਤੀ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਕੰਮ ਨਾ ਦੁਹਰਾਉਣ। ਉਨ੍ਹਾਂ ਕਿਹਾ, ‘‘ਮੈਂ ਕਿਸੇ ਨੂੰ ਅਵਾਰਾ ਗਊਆਂ ਨੂੰ ਖੁਆਉਣ ਲਈ ਸੜਕ ’ਤੇ ਰੋਟੀਆਂ ਸੁੱਟਦੇ ਵੇਖਿਆ। ਮੈਂ ਰੁਕੀ ਅਤੇ ਉਸ ਨੂੰ ਬੜੀ ਨਰਮੀ ਨਾਲ ਦੁਬਾਰਾ ਅਜਿਹਾ ਨਾ ਕਰਨ ਲਈ ਕਿਹਾ।’’
ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਰੋਟੀ ਸਿਰਫ ਭੋਜਨ ਨਹੀਂ ਬਲਕਿ ਇਹ ਭਾਰਤੀ ਸਭਿਆਚਾਰ ’ਚ ਪਰੰਪਰਾ ਅਤੇ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੜਕ ’ਤੇ ਸੁੱਟਣਾ ਨਾ ਸਿਰਫ ਭੋਜਨ ਦਾ ਅਪਮਾਨ ਕਰਦਾ ਹੈ ਬਲਕਿ ਜਾਨਵਰਾਂ ਅਤੇ ਲੋਕਾਂ ਦੋਹਾਂ ਨੂੰ ਵੀ ਖਤਰੇ ’ਚ ਪਾ ਦਿੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਵਾਰਾ ਗਊਆਂ ਅਤੇ ਹੋਰ ਜਾਨਵਰਾਂ ਨੂੰ ਭੋਜਨ ਦੀ ਭਾਲ ’ਚ ਸੜਕਾਂ ਵਲ ਖਿੱਚਿਆ ਜਾਂਦਾ ਹੈ ਜਿਸ ਨਾਲ ਆਵਾਜਾਈ ’ਚ ਵਿਘਨ ਪੈ ਸਕਦਾ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇ ਤੁਸੀਂ ਜਾਨਵਰਾਂ ਨੂੰ ਖੁਆਉਣਾ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਨਿਰਧਾਰਤ ਸ਼ੈਲਟਰਾਂ ਜਾਂ ਗਊਸ਼ਾਲਾਵਾਂ ’ਚ ਅਜਿਹਾ ਕਰੋ। ਇਹ ਸਾਡੀ ਹਮਦਰਦੀ, ਜ਼ਿੰਮੇਵਾਰੀ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ।’’ ਗੁਪਤਾ ਨੇ ਦਿੱਲੀ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਰੋਟੀਆਂ ਜਾਂ ਕਿਸੇ ਵੀ ਕਿਸਮ ਦਾ ਭੋਜਨ ਸੁੱਟਣ ਤੋਂ ਪਰਹੇਜ਼ ਕਰਨ।