
MP News: 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰ ਕੇ ਨਹਿਰ ’ਚ ਸੁੱਟ ਦਿਤੀ ਸੀ ਲਾਸ਼
MP News: ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ’ਚ ਇਕ ਮਾਸੂਮ 6 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਵਹਿਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਿਓਨੀ ਮਾਲਵਾ ਦੀ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਸ਼ੀ ਨੂੰ ਸਜ਼ਾ ਦਾ ਐਲਾਨ ਕੀਤਾ। ਸਭ ਤੋਂ ਸਖ਼ਤ ਸਜ਼ਾ ਦਾ ਐਲਾਨ ਕਰਦੇ ਹੋਏ, ਜੱਜ ਨੇ ਇਕ ਭਾਵੁਕ ਕਵਿਤਾ ਵੀ ਸੁਣਾਈ।
ਅਦਾਲਤ ਨੇ ਮੁਲਜ਼ਮ ਨੂੰ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਜ਼ੁਬਾਨੀ, ਦਸਤਾਵੇਜ਼ੀ ਸਬੂਤਾਂ ਅਤੇ ਡੀਐਨਏ ਰਿਪੋਰਟ ਦੇ ਆਧਾਰ ’ਤੇ ਦੋਸ਼ੀ ਪਾਇਆ। ਸਿਓਨੀ ਮਾਲਵਾ ਦੇ ਪਹਿਲੇ ਐਡੀਸ਼ਨਲ ਸੈਸ਼ਨ ਜੱਜ, ਜਸਟਿਸ ਤਬੱਸੁਮ ਖ਼ਾਨ ਨੇ ਸਨਸਨੀਖੇਜ਼ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀ ਅਜੈ ਧੁਰਵੇ (30) ਨੂੰ ਸਜ਼ਾ ਸੁਣਾਈ।
ਉਸਨੂੰ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਲਾਤਕਾਰ ਅਤੇ ਕਤਲ ਦੇ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਮੌਤ ਦੀ ਸਜ਼ਾ ਦੇ ਨਾਲ-ਨਾਲ ਉਸ ’ਤੇ 3000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਅਦਾਲਤ ਨੇ ਪੀੜਤ ਦੇ ਮਾਪਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।
ਇਸ ਸਾਲ ਜਨਵਰੀ ’ਚ ਲੜਕੀ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਅਪਣੀ ਮਾਂ ਦੇ ਕੋਲ ਸੌਂ ਰਹੀ ਬੱਚੀ ਨੂੰ ਦੋਸ਼ੀ ਨੇ ਚੁੱਕ ਲਿਆ ਅਤੇ ਫਿਰ ਉਸਨੂੰ ਜੰਗਲ ’ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਲੜਕੀ ਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨਹਿਰ ਦੇ ਕੰਢੇ ਸੁੱਟ ਦਿੱਤੀ ਗਈ। ਅਦਾਲਤ ਨੇ ਇਸ ਮਾਮਲੇ ’ਚ ਸਿਰਫ਼ 88 ਦਿਨਾਂ ਦੇ ਅੰਦਰ ਆਪਣਾ ਅੰਤਿਮ ਫ਼ੈਸਲਾ ਸੁਣਾ ਦਿੱਤਾ ਹੈ।
ਜ਼ਿਲ੍ਹਾ ਸਰਕਾਰੀ ਵਕੀਲ ਰਾਜਕੁਮਾਰ ਨੇਮਾ ਨੇ ਦੱਸਿਆ ਕਿ ਜਾਂਚ ਦੌਰਾਨ ਜਦੋਂ ਦੋਸ਼ੀ ਅਜੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਇਸ ਤੋਂ ਬਾਅਦ ਦੋਸ਼ੀ ਵਿਰੁਧ ਮਾਮਲਾ ਦਰਜ ਕੀਤਾ ਗਿਆ। ਸਜ਼ਾ ਸੁਣਾਉਂਦੇ ਸਮੇਂ, ਜੱਜ ਖ਼ਾਨ ਨੇ ਦਿੱਲੀ ਦੇ ਨਿਰਭਯਾ ਕਾਂਡ ਨੂੰ ਯਾਦ ਕਰਦੇ ਹੋਏ ਇੱਕ ਕਵਿਤਾ ਵੀ ਸੁਣਾਈ। ਉਨ੍ਹਾਂ ਕਿਹਾ, ‘ਹਾਂ ਮੈਂ ਨਿਰਭਯਾ ਹਾਂ, ਹਾਂ ਫਿਰ ਤੋਂ ਨਿਰਭਯਾ ਹਾਂ। ਮੈਂ ਇੱਕ ਛੋਟਾ ਜਿਹਾ ਸਵਾਲ ਉਠਾ ਰਹੀ ਹਾਂ। ਕੀ ਔਰਤ ਦਾ ਅਪਮਾਨ ਕਰਨ ਵਾਲਾ ਮਰਦ ਹੋ ਸਕਦਾ ਹੈ? ਕੀ ਮੈਨੂੰ ਉਹ ਇਨਸਾਫ਼ ਮਿਲ ਸਕਦਾ ਹੈ ਜੋ ਨਿਰਭਯਾ ਨੂੰ ਮਿਲਿਆ?
(For more news apart from Madhya Pradesh Latest News, stay tuned to Rozana Spokesman)