
4.98 ਕਰੋੜ ਵੋਟਰ ਕਰਨਗੇ 223 ਉਮੀਦਵਾਰਾਂ ਦਾ ਫ਼ੈਸਲਾ
ਬੰਗਲੁਰੂ, 11 ਮਈ : ਤਿੰਨ ਮਹੀਨੇ ਤੋਂ ਵੱਧ ਸਮੇਂ ਤਕ ਚੱਲੀ ਜ਼ੋਰਦਾਰ ਚੋਣ ਮੁਹਿੰਮ ਮਗਰੋਂ ਭਲਕੇ ਕਰਨਾਟਕ ਵਿਚ ਤਿਕੋਣੇ ਮੁਕਾਬਲੇ ਵਿਚ ਨਵੀਂ ਵਿਧਾਨ ਸਭਾ ਚੁਣਨ ਲਈ ਵੋਟਾਂ ਪੈਣਗੀਆਂ। ਸੂਬੇ ਵਿਚ 4.98 ਕਰੋੜ ਤੋਂ ਵੱਧ ਵੋਟਰ ਹਨ ਜੋ 2600 ਤੋਂ ਵੱਧ ਉਮੀਦਵਾਰਾਂ ਵਿਚੋਂ ਅਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਇਨ੍ਹਾਂ ਵੋਟਰਾਂ ਵਿਚ 2.52 ਕਰੋੜ ਤੋਂ ਜ਼ਿਆਦਾ ਮਰਦ, ਕਰੀਬ 2.44 ਕਰੋੜ ਔਰਤਾਂ ਅਤੇ 4552 ਟਰਾਂਸਜ਼ੈਂਡਰ ਹਨ। ਸੂਬੇ ਵਿਚ 55600 ਤੋਂ ਜ਼ਿਆਦਾ ਪੋਲਿੰਗ ਬੂਥ ਬਣਾਏ ਗਏ ਹਨ। ਕੁੱਝ ਸਹਾਇਕ ਪੋਲਿੰਗ ਕੇਂਦਰ ਵੀ ਹੋਣਗੇ।
Karnatka Vidhan Sabha Elections
ਆਜ਼ਾਦ ਅਤੇ ਨਿਰੱਪਖ ਚੋਣ ਯਕੀਨੀ ਕਰਨ ਲਈ 3.5 ਲੱਖ ਤੋਂ ਵੱਧ ਕਰਮਚਾਰੀ ਡਿਊਟੀ 'ਤੇ ਹੋਣਗੇ। ਪਹਿਲੀ ਵਾਰ ਕੁੱਝ ਚੋਣਵੇਂ ਪੋਲਿੰਗ ਬੂਥਾਂ 'ਤੇ ਅਪਾਹਜ ਕਰਮਚਾਰੀ ਡਿਊਟੀ ਦੇਣਗੇ। ਲੋਕ ਮੋਬਾਈਲ ਐਪ ਜ਼ਰੀਏ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਕਤਾਰ ਦੀ ਸਥਿਤੀ ਜਾਣ ਸਕਦੇ ਹਨ। 1985 ਮਗਰੋਂ ਕਰਨਾਟਕ ਵਿਚ ਕੋਈ ਦੀ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ਵਿਚ ਨਹੀਂ ਆ ਸਕੀ। ਉਸ ਸਾਲ ਰਾਮਕ੍ਰਿਸ਼ਨ ਹੇਗੜੇ ਦੀ ਅਗਵਾਈ ਵਿਚ ਜਨਤਾ ਦਲ ਫਿਰ ਸੱਤਾ 'ਤੇ ਕਾਬਜ਼ ਹੋਈ ਸੀ। ਕਾਂਗਰਸ ਪੰਜਾਬ ਮਗਰੋਂ ਇਕੋ ਇਕ ਵੱਡੇ ਸੂਬੇ 'ਤੇ ਕਾਬਜ਼ ਰਹਿਣ ਲਈ ਸਰਗਰਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੂਬੇ ਵਿਚ ਕਈ ਰੈਲੀਆਂ ਕਰ ਚੁੱਕੇ ਹਨ। (ਏਜੰਸੀ)