
ਪੁੰਛ ’ਚ ਪਾਕਿਸਤਾਨ ਨੇ ਧਾਰਮਕ ਸਥਾਨ ਨੂੰ ਬਣਾਇਆ ਨਿਸ਼ਾਨਾ : ਐਡਵੋਕਟ ਰਜਿੰਦਰ ਸਿੰਘ
ਪਿਛਲੇ ਕਈ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਦੋਵਾਂ ਦੇਸ਼ਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ, ਡਰੋਨ ਤੇ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਸਨ। ਜਿਸ ਦੌਰਾਨ ਪਾਕਿਸਤਾਨ ਵਲੋਂ ਸਭ ਤੋਂ ਵੱਧ ਭਾਰਤ ਦੇ ਪੁੰਛ ਨੂੰ ਨਿਸ਼ਾਨਾ ਬਣਾਇਆ ਗਿਆ। ਜਿਥੇ ਪਾਕਿਸਤਾਨ ਵਲੋਂ ਧਾਰਮਕ ਸਥਾਨਾਂ, ਗੁਰੂ ਘਰਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਦੌਰਾਨ ਸਿੱਖ ਭਾਈਚਾਰੇ ਦੇ ਪੰਜ ਲੋਕਾਂ ਤੇ ਬੱਚਿਆਂ ਸਮੇਤ ਕੁੱਲ 16 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਪਰ ਫਿਰ ਵੀ ਸਿੱਖ ਭਾਈਚਾਰੇ ਤੇ ਲੋਕਾਂ ਦੇ ਹੌਸਲੇ ਬੁਲੰਦ ਰਹੇ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਪੁੰਛ ਦੇ ਗੁਰੂ ਘਰ ’ਚ ਉਥੋਂ ਦੇ ਹਾਲਾਤ ਜਾਣਨ ਲਈ ਪਹੁੰਚੀ। ਜਿਥੋਂ ਦੇ ਸਾਬਕਾ ਮੇਅਰ ਐਡਵੋਕਟ ਰਜਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸ਼ੁਰੂ ਤੋਂ ਨੀਤੀ ਰਹੀ ਹੈ ਕਿ ਭਾਰਤ ਜਾਂ ਫਿਰ ਸਿੱਖ ਭਾਈਚਾਰੇ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇ। ਇਹ ਅੱਜ ਤੋਂ ਨਹੀਂ ਹੋ ਰਿਹਾ ਇਹ 1965 ਤੋਂ ਇਸ ਤਰ੍ਹਾਂ ਹੀ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੇ ਦੇਸ਼ ਤੇ ਸਿੱਖ ਭਾਈਚਾਰੇ ਲਈ ਹਮੇਸਾ ਅੱਗੇ ਹੋ ਕੇ ਲੜਾਈ ਲੜੀ ਹੈ ਤਾਂ ਜੋ ਸਾਡੇ ਦੇਸ਼ ’ਤੇ ਕੋਈ ਆਂਚ ਨਾ ਆਵੇ। ਪਾਕਿਸਤਾਨ ਨਾਲ ਜਿੰਨੀ ਵਾਰ ਵੀ ਲੜਾਈ ਹੋਈ ਹੈ ਸਭ ਤੋਂ ਜ਼ਿਆਦਾ ਸਿੱਖਾਂ ਤੇ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ।
photo
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਇਸ ਲੜਾਈ ਵਿਚ ਸਾਡੇ ਇਕ ਪਾਠੀ ਸਮੇਤ ਕਈ ਹੋਰ ਲੋਕਾਂ ਨੇ ਜਾਨ ਗਵਾਈ ਹੈ। ਜਿਸ ਵਕਤ ਪਾਕਿਸਤਾਨ ਨੇ ਗੁਰੂ ਘਰ ’ਤੇ ਹਮਲਾ ਕੀਤਾ ਜੇ ਉਸ ਸਮੇਂ ਸੰਗਤ ਜ਼ਿਆਦਾ ਹੁੰਦੀ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਪਾਕਿਸਤਾਨ ਸਾਡੇ ਭਾਈਚਾਰੇ ਨੂੰ ਤੋੜਨਾ ਚਾਹੁੰਦਾ ਹੈ ਜੋ ਅਸੀਂ ਟੁੱਟਣ ਨਹੀਂ ਦੇਣਾ। ਜਦੋਂ ਸਾਡੇ ਪੁਰਖੇ 1947 ਵਿਚ ਪਾਕਿਸਤਾਨ ਤੋਂ ਭਾਰਤ ਆਏ ਤਾਂ ਉਨ੍ਹਾਂ ਨੇ ਪੁੰਛ ਵਸਾਇਆ ਤੇ ਅਸੀਂ ਇਥੇ ਜੰਮੇ ਪਲੇ ਹਾਂ ਤੇ ਇਥੇ ਹੀ ਮਰਾਂਗੇ। ਜੇ ਕੋਈ ਸਾਡੇ ਭਾਈਚਾਰੇ ਜਾਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਸਹਿਣ ਨਹੀਂ ਕਰਾਂਗੇ।
photo