
ਦਿੱਲੀ ਦੀ ਅਦਾਲਤ ਨੇ 2006 ਦੇ ਜਲ ਸੈਨਾ ਵਾਰ ਰੂਮ ਲੀਕ ਮਾਮਲੇ ਵਿਚ ਸੇਵਾਮੁਕਤ ਕੈਪਟਨ ਸਲਾਮ ਸਿੰਘ ਰਾਠੌਰ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ...
ਨਵੀਂ ਦਿੱਲੀ, ਦਿੱਲੀ ਦੀ ਅਦਾਲਤ ਨੇ 2006 ਦੇ ਜਲ ਸੈਨਾ ਵਾਰ ਰੂਮ ਲੀਕ ਮਾਮਲੇ ਵਿਚ ਸੇਵਾਮੁਕਤ ਕੈਪਟਨ ਸਲਾਮ ਸਿੰਘ ਰਾਠੌਰ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਰਾਠੌਰ ਕਿਸੇ ਨਰਮੀ ਦਾ ਹੱਕਦਾਰ ਨਹੀਂ ਕਿਉਂਕਿ ਉਸ ਨੇ ਕੌਮੀ ਸੁਰੱਖਿਆ ਵਿਰੁਧ ਅਪਰਾਧ ਕੀਤਾ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸ ਕੇ ਅਗਰਵਾਲ ਨੇ ਸਰਕਾਰੀ ਗੁਪਤਤਾ ਕਾਨੂੰਨ ਤਹਿਤ ਜਾਸੂਸੀ ਦੇ ਅਪਰਾਧ ਦੇ ਦੋਸ਼ੀ ਰਾਠੌਰ ਨੂੰ ਸੱਤ ਸਾਲ ਜੇਲ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਸ ਕੋਲੋਂ ਬਰਾਮਦ ਕੀਤੇ ਗਏ ਦਸਤਾਵੇਜ਼ ਰਖਿਆ ਮੰਤਰਾਲੇ ਦੇ ਸਨ
ਅਤੇ ਇਹ ਦਸਤਾਵੇਜ਼ ਦੁਸ਼ਮਣ ਲਈ ਲਾਭਕਾਰੀ ਸਨ। ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਸੇਵਾਮੁਕਤ ਕਮਾਂਡਰ ਜਰਨੈਲ ਸਿੰਘ ਕਾਲੜਾ ਨੂੰ ਅਦਾਲਤ ਨੇ ਬਰੀ ਕਰ ਦਿਤਾ। ਅਦਾਲਤ ਨੇ ਵਕੀਲ ਦੀ ਇਸ ਦਲੀਲ ਨੂੰ ਰੱਦ ਕਰ ਕਿ ਰਾਠੌਰ ਕੋਲੋਂ ਕਈ ਗੁਪਤ ਦਸਤਾਵੇਜ਼ ਮਿਲੇ ਹਨ ਅਤੇ ਉਹ ਇਹ ਨਹੀਂ ਦੱਸ ਸਕੇ ਕਿ ਉਨ੍ਹਾਂ ਕੋਲ ਇਹ ਦਸਤਾਵੇਜ਼ ਕਿਥੋਂ ਆਏ?
ਜੱਜ ਨੇ ਕਿਹਾ, 'ਇਸ ਮਾਮਲੇ ਵਿਚ ਦੋਸ਼ੀ ਵਲੋਂ ਕੀਤਾ ਗਿਆ ਅਪਰਾਧ ਨਾ ਸਿਰਫ਼ ਸਮਾਜ ਵਿਰੁਧ ਸੀ ਸਗੋਂ ਕੌਮੀ ਸੁਰੱਖਿਆ ਵਿਰੁਧ ਕੀਤਾ ਗਿਆ ਅਪਰਾਧ ਸੀ।' ਉਨ੍ਹਾਂ ਕਿਹਾ ਕਿ ਦੋਸ਼ੀ ਸਜ਼ਾ ਵਿਚ ਨਰਮੀ ਦਾ ਹੱਕਦਾਰ ਨਹੀਂ ਹੈ ਕਿਉਂਕਿ ਉਸ ਨੇ ਅਪਣੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਰਖਿਆ ਮੁਲਾਜ਼ਮ ਹੋਣ ਨਾਤੇ ਉਸ ਦੀ ਪਹਿਲੀ ਜ਼ਿੰਮੇਵਾਰੀ ਸੀ
ਕਿ ਉਹ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਅਪਣਾ ਜੀਵਨ ਵੀ ਦਾਅ 'ਤੇ ਲਾ ਦੇਵੇ ਪਰ ਉਸ ਨੇ ਠੀਕ ਉਲਟਾ ਕੀਤਾ। ਸਾਲ 2006 ਵਿਚ ਜਲ ਸੈਨਾ ਦੇ ਮੁੱਖ ਦਫ਼ਤਰ ਅਤੇ ਵਾਰ ਰੂਮ ਵਿਚੋਂ ਅਹਿਮ ਰਖਿਆ ਜਾਣਕਾਰੀਆਂ ਵਾਲੇ ਸੱਤ ਹਜ਼ਾਰ ਤੋਂ ਵੱਧ ਪੰਨੇ ਲੀਕ ਹੋ ਗਏ ਸਨ। ਕਈ ਸਾਬਕਾ ਅਧਿਕਾਰੀਆਂ 'ਤੇ ਮੁਕੱਦਮਾ ਚੱਲ ਰਿਹਾ ਹੈ ਅਤੇ ਸਾਰੇ ਜ਼ਮਾਨਤ 'ਤੇ ਹਨ। (ਏਜੰਸੀ)