
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮਾਰੇ ਗਏ ਅਪਰਾਧੀ ਵਿਕਸ ਦੁਬੇ, ਉਸ ਦੇ ਪ੍ਰਵਾਰ ਦੇ ਮੈਂਬਰਾਂ ਅਤੇ ਸਾਥੀਆਂ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਲਈ ਤਿਆਰ ਹੈ
ਨਵੀਂ ਦਿੱਲੀ, 11 ਜੁਲਾਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮਾਰੇ ਗਏ ਅਪਰਾਧੀ ਵਿਕਸ ਦੁਬੇ, ਉਸ ਦੇ ਪ੍ਰਵਾਰ ਦੇ ਮੈਂਬਰਾਂ ਅਤੇ ਸਾਥੀਆਂ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਲਈ ਤਿਆਰ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਦਸਿਆ ਕਿ ਲਖਨਉ 'ਚ ਸਥਿਤ ਏਜੰਸੀ ਦੇ ਖੇਤਰੀ ਦਫ਼ਤਰ ਨੇ 6 ਜੁਲਾਈ ਨੂੰ ਇਸ ਸਬੰਧ 'ਚ ਕਾਨਪੁਰ ਪੁਲਿਸ ਨੂੰ ਪੱਤਰ ਲਿਖ ਕੇ ਦੁਬੇ ਅਤੇ ਉਸ ਨਾਲ ਜੁੜੇ ਲੋਕਾਂ ਦੇ ਵਿਰੁਧ ਦਾਖ਼ਲ ਸਾਰੀਆਂ ਐਫ਼.ਆਈ.ਆਰ ਅਤੇ ਦੋਸ਼ ਪੱਤਰ ਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਤਾਜ਼ਾ ਜਾਣਕਾਰੀ ਮੰਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ ਹੈ ਕਿ ਦੁਬੇ ਨੇ ਅਪਣੇ ਅਤੇ ਅਪਣੇ ਪ੍ਰਵਾਰ ਦੇ ਨਾਂ 'ਤੇ ਕਾਫ਼ੀ ਜਾਇਦਾਦ ਬਣਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਈ.ਡੀ ਜਲਦ ਹੀ ਦੁਬੇ, ਉਸ ਦੇ ਸਾਥੀਆਂ ਅਤੇ ਪ੍ਰਵਾਰਕ ਮੈਂਬਰਾਂ ਵਲੋਂ ਕਥਿਤ ਤੌਰ 'ਤੇ ਕੀਤੇ ਗਏ ਅਪਰਾਧ ਦੀ ਜਾਂਚ ਲਈ ਮਨੀ ਲਾਂਡਰਿੰਗ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰ ਕੇ ਇਹ ਪਤਾ ਲਾਏਗਾ ਕਿ ਕੀ ਬਾਅਦ 'ਚ ਇਸ ਧਨ ਦੀ ਵਰਤੋਂ ਗ਼ੈਰ ਕਾਨੂੰਨ ਤੌਰ 'ਤੇ ਹੋਰ ਕਿਹੜੇ ਕੰਮਾ ਲਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ਅਤੇ ਉਸ ਨਾਲ ਲੱਗਦੇ ਕੁੱਝ ਇਲਾਕਿਆਂ 'ਚ ਦੁਬੇ ਅਤੇ ਉਸ ਦੇ ਪ੍ਰਵਾਰ ਨਾਲ ਜੁੜੀਆਂ ਦੋ ਦਰਜਨ ਤੋਂ ਵਧੇਰੇ ਨਾਮੀ ਅਤੇ ਬੇਨਾਮੀ ਜਾਇਦਾਦਾਂ, ਬੈਂਕ 'ਚ ਜਮ੍ਹਾਂ ਰਕਮ ਅਤੇ ਨਿਸ਼ਚਿਤ ਜਮ੍ਹਾਂ 'ਤੇ ਕੇਂਦਰੀ ਜਾਂਚ ਏਜੰਸੀ ਦੀ ਨਜ਼ਰ ਹੈ।
ਦੁਬੇ ਦੇ ਚਾਰ ਸਾਥੀ ਕੀਤੇ ਗ੍ਰਿਫ਼ਤਾਰ- ਏਟੀਐਸ ਨੇ ਅਪਰਾਧੀ ਵਿਕਾਸ ਦੁਬੇ ਦੇ ਚਾਰ ਫ਼ਰਾਰ ਸਾਥੀਆਂ ਨੂੰ ਮਹਾਰਾਸ਼ਟਰ ਦੇ ਠਾਣੇ ਅਤੇ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਦਸਿਆ ਕਿ ਦੋਸ਼ੀ ਅਰਵਿੰਦ ਉਰਫ਼ ਗੁਡਨ ਤ੍ਰੇਵਦੀ ਅਤੇ ਉਸ ਦੇ ਡਰਾਈਵਰ ਸੋਨੂੰ ਤਿਵਾੜੀ ਉਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿਚ 8 ਪੁਲਿਸ ਵਾਲਿਆਂ ਦੀ ਹਤਿਆ ਦੇ ਸਿਲਸਿਲੇ ਵਿਚ ਲੋੜੀਂਦੇ ਸਨ। ਉਹ 2001 ਵਿਚ ਸੂਬਾ ਮੰਤਰੀ ਸੰਤੋਸ਼ ਸ਼ੁਕਲਾ ਦੀ ਹਤਿਆ ਦੇ ਮਾਮਲੇ ਵਿਚ ਵੀ ਲੋਂੜੀਦੇ ਸਨ। ਉਨ੍ਹਾਂ ਕਿਹਾ ਕਿ ਮੁੰਬਈ ਏਟੀਐਸ ਦੀ ਜੁਹੂ ਇਕਾਈ ਦੀ ਟੀਮ ਨੇ ਦੋਵਾਂ ਨੂੰ ਠਾਣੇ ਦੇ ਕੋਲਸ਼ੇਟ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਜਾਣਕਾਰੀ ਦਿਤੀ ਕਿ ਦੁਬੇ ਦੇ ਦੋ ਸਾਥੀ ਠਾਣੇ ਤੋਂ ਅਤੇ ਦੋ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰਕ ਕੀਤਾ ਗਏ ਹਨ।