
ਕਲੀਨਿਕ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ,
ਚੰਡੀਗੜ੍ਹ: ਸਿਹਤ ਸੰਭਾਲ ਪ੍ਰਣਾਲੀ ਵਿੱਚ ਮਹੱਤਵਪੂਰਨ ਸੁਧਾਰ ਕਰਨ ਅਤੇ ਸੂਬੇ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ "ਮੁਹੱਲਾ ਕਲੀਨਿਕ" ਕਾਰਜਸ਼ੀਲ ਕਰੇਗੀ।
Chetan singh jouramajra
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਭਰ ਵਿੱਚ ਬਣਾਏ ਇਹ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣਗੇ, ਜਿਸ ਨਾਲ ਸਿਹਤ ਸੇਵਾਵਾਂ ਦੀ ਹਰੇਕ ਵਰਗ ਤੱਕ ਪਹੁੰਚ, ਖਰਚਿਆਂ ਨੂੰ ਘਟਾਉਣ, ਰੋਗਾਂ ਦੀ ਪਛਾਣ ਵਿੱਚ ਸੁਧਾਰ ਕਰਨ ਅਤੇ ਕਮਜ਼ੋਰ ਤੇ ਘੱਟ ਗਿਣਤੀ ਵਰਗਾਂ ਲਈ ਰੈਫਰਲ ਲਿੰਕੇਜ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ।
Bhagwant mann
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਪਹਿਲੇ ਪੜਾਅ ਦੌਰਾਨ 75ਵੇਂ ਸੁਤੰਤਰਤਾ ਦਿਵਸ ਮੌਕੇ 15 ਅਗਸਤ, 2022 ਤੱਕ ਸੂਬੇ ਭਰ ਵਿੱਚ 75 ਮੁਹੱਲਾ ਕਲੀਨਿਕ ਕਾਰਜਸ਼ੀਲ ਕਰ ਦਿੱਤੇ ਜਾਣਗੇ। ਇਸ ਵਿੱਤੀ ਸਾਲ ਦੇ ਅੰਤ ਤੱਕ 109 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਹਰ ਮੁਹੱਲਾ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਹੋਵੇਗਾ। ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੇ ਆਧਾਰ 'ਤੇ ਸਟਾਫ਼ ਨੂੰ ਸੂਚੀਬੱਧ ਕੀਤਾ ਜਾਵੇਗਾ। ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਮਾਮੂਲੀ ਜ਼ਖ਼ਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਕਰਨਗੇ। ਇਹਨਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਸਿੱਖਿਆ, ਜਾਣਕਾਰੀ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ 'ਤੇ ਵੀ ਧਿਆਨ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਅਤੇ ਟੈਸਟ ਮੁਹੱਲਾ ਕਲੀਨਿਕਾਂ ਵਿੱਚ ਉਪਲਬਧ ਕਰਵਾਏ ਜਾਣਗੇ। ਮੁਹੱਲਾ ਕਲੀਨਿਕਾਂ ਵਿੱਚ ਜਾਂਚ ਦੀਆਂ ਸਹੂਲਤਾਂ ਪੀਪੀਪੀ ਮੋਡ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹਨਾਂ ਕਲੀਨਿਕਾਂ ਵਿੱਚ ਘੱਟ ਲਾਗਤ ਅਤੇ ਇਕਸਾਰਤਾ ਨਾਲ ਡਾਇਗਨੌਸਟਿਕ ਟੈਸਟਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਲਈ ਇੱਕ ਆਈ.ਟੀ. ਪ੍ਰਣਾਲੀ ਨੂੰ ਵੀ ਵਿਕਸਤ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਸੂਚੀਬੱਧ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਸਿਹਤ ਮਾਹਿਰਾਂ ਨਾਲ ਟੈਲੀਕੰਸਲਟੇਸ਼ਨ ਸੇਵਾਵਾਂ ਵੀ ਪੜਾਅਵਾਰ ਸ਼ੁਰੂ ਕੀਤੀਆਂ ਜਾਣਗੀਆਂ।