
ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ
ਨਵੀਂ ਦਿੱਲੀ : ਦਿੱਲੀ ਤੋਂ ਇੱਕ ਵਾਰ ਫਿਰ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਗੀਤਾ ਕਲੋਨੀ ਵਿਚ ਫਲਾਈਓਵਰ ਨੇੜਿਓਂ ਇੱਕ ਔਰਤ ਦੀ ਲਾਸ਼ ਮਿਲੀ ਹੈ।
ਰਿਪੋਰਟਾਂ ਮੁਤਾਬਕ ਲਾਸ਼ ਦੇ ਟੁੱਕੜੇ ਕਰ ਕੇ ਫਲਾਈਓਵਰ ਦੇ ਆਲੇ-ਦੁਆਲੇ ਖਿੰਡਾਏ ਹੋਏ ਸਨ। ਇਸ ਦੀ ਸੂਚਨਾ ਪੁਲਿਸ ਨੂੰ ਸਵੇਰੇ 9.15 ਵਜੇ ਦਿਤੀ ਗਈ। ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।
ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਨੇ ਦਸਿਆ ਕਿ ਇੱਕ ਸਥਾਨਕ ਨਾਗਰਿਕ ਨੇ ਲਾਸ਼ ਦੇ ਅੰਗ ਮਿਲਣ ਦੀ ਸੂਚਨਾ ਪੁਲਿਸ ਨੂੰ ਦਿਤੀ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ਨੂੰ ਕਾਲੇ ਰੰਗ ਦੇ ਦੋ ਬੈਗ ਮਿਲੇ। ਕੱਟਿਆ ਹੋਇਆ ਸਿਰ ਇੱਕ ਥੈਲੇ ਵਿਚ ਸੀ। ਵਾਲ ਲੰਬੇ ਹੋਣ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਲਾਸ਼ ਕਿਸੇ ਔਰਤ ਦੀ ਹੈ।
ਸਾਗਰ ਸਿੰਘ ਨੇ ਅੱਗੇ ਦਸਿਆ ਕਿ ਦੂਜੇ ਬੈਗ ਵਿਚੋਂ ਸਰੀਰ ਦੇ ਬਾਕੀ ਅੰਗ ਮਿਲੇ ਹਨ। ਕੁਝ ਹਿੱਸੇ ਅਜੇ ਵੀ ਲਾਪਤਾ ਹਨ। ਡਾਕਟਰ ਇਸ ਦੀ ਜਾਂਚ ਕਰਨਗੇ। ਔਰਤ ਦੀ ਉਮਰ ਕਰੀਬ 35-40 ਸਾਲ ਹੈ ਪਰ ਇਸ ਦੀ ਪੁਸ਼ਟੀ ਆਰਥੋ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੋਵੇਗੀ।
ਫਿਲਹਾਲ ਥਾਣਾ ਕੋਤਵਾਲੀ ਵਿਖੇ 302 (ਕਤਲ) ਤਹਿਤ ਮਾਮਲਾ ਦਰਜ ਕਰ ਕੇ ਸਬੂਤ ਇਕੱਠੇ ਕਰਨ ਲਈ ਇਲਾਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਦੋ ਥਾਵਾਂ ਤੋਂ ਲਾਸ਼ ਦੇ ਅੰਗ ਮਿਲੇ ਹਨ।