ਟੋਰਾਂਟੋ-ਦਿੱਲੀ ਉਡਾਣ ’ਚ ਇਕ ਨੇਪਾਲੀ ਯਾਤਰੀ ਨੇ ਚਾਲਕ ਦਲ ਅਤੇ ਕੁਝ ਹੋਰ ਯਾਤਰੀਆਂ ਨਾਲ ਹੱਥੋਪਾਈ ਕੀਤੀ ਅਤੇ ਪਖਾਨੇ ਦੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾਇਆ
ਨਵੀਂ ਦਿੱਲੀ: ਏਅਰ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ 8 ਜੁਲਾਈ ਨੂੰ ਟੋਰਾਂਟੋ-ਦਿੱਲੀ ਉਡਾਣ ’ਚ ਇਕ ਪੁਰਸ਼ ਯਾਤਰੀ ਨੇ ਚਾਲਕ ਦਲ ਅਤੇ ਕੁਝ ਹੋਰ ਯਾਤਰੀਆਂ ਨਾਲ ਹੱਥੋਪਾਈ ਕੀਤੀ ਅਤੇ ਪਖਾਨੇ ਦੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾਇਆ।
ਰਾਸ਼ਟਰੀ ਰਾਜਧਾਨੀ ਦੇ ਹਵਾਈ ਅੱਡੇ ’ਤੇ ਪਹੁੰਚਣ ’ਤੇ ਯਾਤਰੀ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿਤਾ ਗਿਆ। ਉਹ ਨੇਪਾਲੀ ਨਾਗਰਿਕ ਹੈ।
ਏਅਰ ਇੰਡੀਆ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, “8 ਜੁਲਾਈ, 2023 ਨੂੰ ਟੋਰਾਂਟੋ ਤੋਂ ਦਿੱਲੀ ਲਈ ਚੱਲ ਰਹੀ ਫਲਾਈਟ AI188 ਵਿਚ, ਇਕ ਯਾਤਰੀ ਨੇ ਯਾਤਰਾ ਦੌਰਾਨ ਅਸਵੀਕਾਰਨਯੋਗ ਹਮਲਾਵਰਤਾ ਦਾ ਪ੍ਰਦਰਸ਼ਨ ਕੀਤਾ। ਉਸ ਨੇ ਪਖਾਨੇ ਵਿਚ ਸਿਗਰਟ ਪੀਤੀ, ਇਸ ਦੇ ਦੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾਇਆ ਅਤੇ ਚਾਲਕ ਦਲ ਅਤੇ ਯਾਤਰੀਆਂ 'ਤੇ ਹਮਲਾ ਕੀਤਾ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।"
ਬੁਲਾਰੇ ਅਨੁਸਾਰ ਚਾਲਕ ਦਲ ਵਲੋਂ ਯਾਤਰੀ ਨੂੰ ਕਈ ਵਾਰ ਚਿਤਾਵਨੀ ਦਿਤੀ ਗਈ ਅਤੇ ਆਖਰਕਾਰ ਉਸ ਨੂੰ ਰੋਕ ਕੇ ਉਸ ਦੀ ਸੀਟ 'ਤੇ ਬੈਠਣ ਲਈ ਕਿਹਾ ਗਿਆ। ਪੁਲਿਸ ਨੇ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ।
ਐਫਆਈਆਰ ਦੇ ਅਨੁਸਾਰ, ਯਾਤਰੀ ਨੇ ਕਥਿਤ ਤੌਰ 'ਤੇ ਟੇਕ-ਆਫ ਤੋਂ ਬਾਅਦ ਆਪਣੀ ਸੀਟ ਬਦਲ ਦਿਤੀ ਅਤੇ ਇਕਾਨਮੀ ਕਲਾਸ ਦੇ ਅਮਲੇ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਉਸ ਨੂੰ ਚੇਤਾਵਨੀ ਦਿਤੀ ਗਈ। ਬਾਅਦ ਵਿਚ, ਜਦੋਂ ਧੂੰਏਂ ਦੀ ਚੇਤਾਵਨੀ ਬੰਦ ਹੋ ਗਈ ਤਾਂ ਉਹ ਸਿਗਰੇਟ ਲਾਈਟਰ ਨਾਲ ਜਹਾਜ਼ ਦੇ ਲੈਟਰੀਨ ਵਿਚ ਪਾਇਆ ਗਿਆ।
ਐਫਆਈਆਰ ਵਿਚ ਸ਼ਿਕਾਇਤਕਰਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਉਸਨੇ ਮੈਨੂੰ ਧੱਕਾ ਦਿਤਾ ਅਤੇ ਆਪਣੀ ਸੀਟ ਨੰਬਰ 26ਐਫ ਵਲ ਭਜਿਆ। ਇਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਆਰ3 ਗੇਟ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਧੱਕਾ ਦਿਤਾ ਅਤੇ ਗਾਲ੍ਹਾਂ ਕੱਢੀਆਂ।
ਇਸ ਵਿਚ ਕਿਹਾ ਗਿਆ ਹੈ, “ਇਸ ਤੋਂ ਬਾਅਦ, ਮੈਂ ਤੁਰਤ ਕੈਪਟਨ ਨੂੰ ਇਸ ਬਾਰੇ ਸੂਚਿਤ ਕੀਤਾ। ਚਾਲਕ ਦਲ ਦੇ ਮੈਂਬਰ ਪੁਨੀਤ ਸ਼ਰਮਾ ਅਤੇ ਚਾਰ ਹੋਰ ਯਾਤਰੀਆਂ ਦੀ ਮਦਦ ਨਾਲ, ਅਸੀਂ ਐਸਓਪੀ (ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਦੇ ਅਨੁਸਾਰ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਉਂਕਿ ਅਸੀਂ ਉਸ ਨੂੰ ਕਾਬੂ ਨਹੀਂ ਕਰ ਸਕੇ, ਅਸੀਂ ਹੋਰ ਯਾਤਰੀਆਂ ਤੋਂ ਮਦਦ ਮੰਗੀ ਅਤੇ ਉਸ ਨੂੰ ਕਾਬੂ ਕਰ ਸਕੇ।"
ਬੁਲਾਰੇ ਨੇ ਦਸਿਆ ਕਿ ਇੱਥੇ ਪਹੁੰਚਣ 'ਤੇ ਯਾਤਰੀ ਨੂੰ ਅਗਲੀ ਕਾਰਵਾਈ ਲਈ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿਤਾ ਗਿਆ ਅਤੇ ਮਾਮਲੇ ਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੂੰ ਦੇ ਦਿੱਤੀ ਗਈ ਹੈ।
ਪੁਲਿਸ ਨੇ ਦਸਿਆ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਹਾਲ ਹੀ ਦੇ ਸਮੇਂ ਵਿਚ, ਉਡਾਣਾਂ ਦੌਰਾਨ ਯਾਤਰੀਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਇਕ ਪੁਰਸ਼ ਯਾਤਰੀ ਨੇ ਅਸ਼ਲੀਲ ਹਰਕਤ ਕੀਤੀ।