
ਸ਼ਹੀਦ ਦੇ ਪਿਤਾ ਨੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਸਿਰਫ਼ ਮੇਰਾ ਪੁੱਤਰ ਨਹੀਂ, ਪੂਰੇ ਦੇਸ਼ ਦਾ ਪੁੱਤਰ ਸੀ।
ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅੱਤਵਾਦੀ ਹਮਲੇ 'ਚ ਹਰਿਆਣਾ ਦੇ ਹਿਸਾਰ ਦੇ ਹਾਂਸੀ ਦਾ ਨਿਸ਼ਾਂਤ ਮਲਿਕ ਸ਼ਹੀਦ ਹੋ ਗਿਆ। ਸ਼ਹੀਦ ਦਾ ਭਲਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਸ਼ਹੀਦ ਦੇ ਪਿਤਾ ਨੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਸਿਰਫ਼ ਮੇਰਾ ਪੁੱਤਰ ਨਹੀਂ, ਪੂਰੇ ਦੇਸ਼ ਦਾ ਪੁੱਤਰ ਸੀ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਤਿੰਨ ਭੈਣਾਂ ਦਾ ਇਕਲੌਤਾ ਭਰਾ 21 ਸਾਲਾ ਨਿਸ਼ਾਂਤ ਮਲਿਕ ਕਰੀਬ ਦੋ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਨਿਸ਼ਾਂਤ ਦੇ ਪਿਤਾ ਜੈਵੀਰ ਮਲਿਕ ਵੀ ਕਾਰਗਿਲ ਦੀ ਜੰਗ ਲੜ ਚੁੱਕੇ ਹਨ। ਉਹਨਾਂ ਦੇ ਸਰੀਰ 'ਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਹਨ। ਪਿਤਾ ਜੈਵੀਰ ਮਲਿਕ ਨੇ ਦੱਸਿਆ ਕਿ ਜਦੋਂ ਨਿਸ਼ਾਂਤ ਆਪਣੇ ਸਾਥੀਆਂ ਨਾਲ ਹਮਲਾ ਕਰਨ ਲਈ ਨਿਕਲਿਆ ਤਾਂ ਪਹਿਲਾਂ ਤੋਂ ਮੌਜੂਦ ਅੱਤਵਾਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਹ ਅਤੇ ਉਸ ਦੇ 4 ਹੋਰ ਸਾਥੀ ਸ਼ਹੀਦ ਹੋ ਗਏ ਸਨ।
ਸ਼ਹੀਦ ਦੇ ਪਿਤਾ ਨੇ ਦੱਸਿਆ ਕਿ 18 ਜੁਲਾਈ ਨੂੰ ਉਹ 45 ਦਿਨਾਂ ਦੀ ਛੁੱਟੀ ਤੋਂ ਬਾਅਦ ਵਾਪਸ ਆਰਮੀ ਕੈਂਪ ਚਲਾ ਗਿਆ। ਨਿਸ਼ਾਂਤ ਨੇ ਹੁਣੇ ਹੀ ਬੀਏ ਦੇ ਫਾਈਨਲ ਸਾਲ ਦੀ ਪ੍ਰੀਖਿਆ ਦਿੱਤੀ ਸੀ। ਜੈਵੀਰ ਮਲਿਕ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਹੈ। ਵੱਡੀਆਂ ਦੋ ਬੇਟੀਆਂ ਦਾ ਵਿਆਹ ਹੋ ਚੁੱਕਾ ਹੈ, ਜਦਕਿ ਛੋਟੀ ਬੇਟੀ ਦਾ ਵਿਆਹ ਦਸੰਬਰ-ਜਨਵਰੀ 'ਚ ਤੈਅ ਹੋਣਾ ਸੀ। ਆਪਣੀ ਭੈਣ ਦੇ ਵਿਆਹ 'ਤੇ ਕਾਰ ਦੇਣ ਲਈ ਉਸ ਨੇ ਉਸ ਦੇ ਨਾਂ 'ਤੇ ਐੱਫਡੀ ਵੀ ਕਰਵਾਈ ਸੀ ਤਾਂ ਜੋ ਉਹ ਉਸ ਨੂੰ ਗਿਫਟ ਕਰ ਸਕੇ। ਜੈਵੀਰ ਮਲਿਕ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਹੈ। ਨਿਸ਼ਾਂਤ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਦਿਆਂ ਹੀ ਰੱਖੜੀ ਵਾਲੇ ਦਿਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।