
ਖਾਸ ਗੱਲ ਇਹ ਹੈ ਕਿ ਸਾਰੇ ਪੁਰਸਕਾਰ ਸੋਲਰ ਫਿਜ਼ਿਕਸ ਦੇ ਖੇਤਰ ਦੇ ਹਨ।
ਨਵੀਂ ਦਿੱਲੀ: ਆਜ਼ਾਦੀ ਦੇ 75 ਸਾਲ ਪੂਰੇ ਕਰਨ ਜਾ ਰਿਹਾ ਸਾਡਾ ਦੇਸ਼ ਦੁਨੀਆ ਸਾਹਮਣੇ ਕਈ ਮੋਰਚਿਆਂ 'ਤੇ ਮਿਸਾਲ ਕਾਇਮ ਕਰ ਰਿਹਾ ਹੈ। ਦੇਸ਼-ਵਿਦੇਸ਼ ਵਿਚ ਸਾਡੇ ਵਿਗਿਆਨੀ, ਡਾਕਟਰ, ਇੰਜਨੀਅਰ ਭਾਰਤ ਦਾ ਮਾਣ ਵਧਾ ਰਹੇ ਹਨ। ਦੱਖਣੀ ਕੋਰੀਆ ਦੇ ਬੁਸਾਨ ਵਿਚ 31ਵੀਂ ਅੰਤਰਰਾਸ਼ਟਰੀ ਖਗੋਲ ਯੂਨੀਅਨ (ਆਈਏਯੂ) ਦੀ ਮੀਟਿੰਗ ਵਿਚ ਸੱਤ ਵਿਦਿਆਰਥੀਆਂ ਨੂੰ ਪੀਐਚਡੀ ਵਰਕ ਲਈ ਸਨਮਾਨਿਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹਨਾਂ 'ਚੋਂ 4 ਭਾਰਤੀ ਖੋਜਕਰਤਾ ਹਨ। ਚਾਰੇ ਭਾਰਤੀ ਖੋਜਕਰਤਾ ਸੂਰਜੀ ਭੌਤਿਕ ਵਿਗਿਆਨ ਦੇ ਮਾਹਿਰ ਹਨ।
Four Indian physicists bag top awards at International Astronomy Meet
ਰਿਪੋਰਟ ਅਨੁਸਾਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਸੈਂਟਰ ਆਫ ਐਕਸੀਲੈਂਸ ਸਪੇਸ ਸਾਇੰਸ ਇੰਡੀਆ ਕੋਲਕਾਤਾ ਤੋਂ ਪ੍ਰਾਂਤਿਕਾ ਭੌਮਿਕ, ਭਾਰਤੀ ਵਿਗਿਆਨ ਸੰਸਥਾਨ ਦੇ ਗੋਪਾਲ ਹਾਜ਼ਰਾ ਅਤੇ ਸੌਵਿਕ ਬੋਸ ਤੋਂ ਇਲਾਵਾ ਕੁਮਾਉਂ ਯੂਨੀਵਰਸਿਟੀ ਨੈਨੀਤਾਲ ਦੀ ਰਿਤਿਕਾ ਜੋਸ਼ੀ ਸ਼ਾਮਲ ਹਨ। ਐਸਟ੍ਰੋਨੋਮੀਕਲ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਪ੍ਰੋਫੈਸਰ ਦੀਪਾਂਕਰ ਬੈਨਰਜੀ ਨੇ ਕਿਹਾ ਕਿ ਇਕ ਦੇਸ਼ ਲਈ ਇਕ ਗਲੋਬਲ ਪਲੇਟਫਾਰਮ 'ਤੇ ਇੰਨੇ ਸਾਰੇ ਪੀਐਚਡੀ ਥੀਸਿਸ ਅਵਾਰਡ ਜਿੱਤਣਾ ਹੈਰਾਨੀ ਦੀ ਗੱਲ ਹੈ।
ਖਾਸ ਗੱਲ ਇਹ ਹੈ ਕਿ ਸਾਰੇ ਪੁਰਸਕਾਰ ਸੋਲਰ ਫਿਜ਼ਿਕਸ ਦੇ ਖੇਤਰ ਦੇ ਹਨ। ਇਹ ਸੂਰਜ ਅਤੇ ਪੁਲਾੜ ਵਾਤਾਵਰਨ 'ਤੇ ਭਾਰਤ ਵਿਚ ਹਾਲ ਹੀ ਦੇ ਸਾਲਾਂ ਵਿਚ ਕੀਤੇ ਜਾ ਰਹੇ ਕੰਮ ਦਾ ਪ੍ਰਮਾਣ ਹੈ। ਮੀਟਿੰਗ ਦਾ ਉਦਘਾਟਨ ਆਈਏਯੂ ਪ੍ਰਧਾਨ ਡੇਬਰਾ ਐਲਮੇਗਰੀਨ ਨੇ ਕੀਤਾ। ਇਸ ਦੌਰਾਨ ਭਾਰਤੀ ਟੀਮ ਨੇ ਫਰਾਂਸ ਵਿਚ ਆਈਏਯੂ ਹੈੱਡਕੁਆਰਟਰ ਵਿਖੇ ਭਾਰਤੀ ਖਗੋਲ ਵਿਗਿਆਨਿਕ ਸਹੂਲਤਾਂ ਨੂੰ ਦਰਸਾਉਂਦੀ ਇੱਕ ਤਖ਼ਤੀ ਪੇਸ਼ ਕੀਤੀ।