ਕਿਹਾ, ਖਾਪ ਪੰਚਾਇਤਾਂ ਨੇ ਦੇਸ਼ ਨੂੰ ਇਕ ਵਾਰ ਫਿਰ ਸ਼ਾਂਤੀ ਅਤੇ ਏਕਤਾ ਦਾ ਪੰਘੂੜਾ ਬਣਾਉਣ ਦਾ ਰਸਤਾ ਵਿਖਾਇਆ ਹੈ
ਨਵੀਂ ਦਿੱਲੀ: ਹਰਿਆਣਾ ਵਿਚ ਫਿਰਕੂ ਝੜਪਾਂ ਤੋਂ ਕੁਝ ਦਿਨ ਬਾਅਦ, ਪ੍ਰਮੁੱਖ ਮੁਸਲਿਮ ਜਥੇਬੰਦੀ ਜਮੀਅਤ ਉਲੇਮਾ-ਏ-ਹਿੰਦ ਨੇ ਖਾਪ ਪੰਚਾਇਤਾਂ, ਸਮਾਜਿਕ ਸੰਗਠਨਾਂ, ਸਿੱਖਾਂ ਅਤੇ ਹੋਰ ਲੋਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਫਿਰਕੂ ਸਦਭਾਵਨਾ ਕਾਇਮ ਕਰਨ ਵਿਚ ਯੋਗਦਾਨ ਪਾਇਆ।
ਜਮੀਅਤ ਦੇ ਪ੍ਰਧਾਨ ਮੌਲਾਨਾ ਅਰਸ਼ਦ ਮਦਨੀ ਨੇ ਇਕ ਬਿਆਨ ’ਚ ਕਿਹਾ ਕਿ ਖਾਪ ਪੰਚਾਇਤਾਂ ਨੇ ਦੇਸ਼ ਨੂੰ ਇਕ ਵਾਰ ਫਿਰ ਸ਼ਾਂਤੀ ਅਤੇ ਏਕਤਾ ਦਾ ਪੰਘੂੜਾ ਬਣਾਉਣ ਦਾ ਰਸਤਾ ਵਿਖਾਇਆ ਹੈ।
ਉਨ੍ਹਾਂ ਨੇ ਹਰਿਆਣਾ ਦੀਆਂ ਖਾਪ ਪੰਚਾਇਤਾਂ, ਸਮਾਜਿਕ ਸੰਸਥਾਵਾਂ, ਸਿੱਖਾਂ ਅਤੇ ਹੋਰ ਲੋਕਾਂ ਦਾ ਸੁਆਗਤ ਕੀਤਾ, ਜਿਨ੍ਹਾਂ ਨੇ 31 ਜੁਲਾਈ ਨੂੰ ਨੂਹ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਝੜਪਾਂ ਤੋਂ ਬਾਅਦ ਸੰਕਟ ਦੀ ਸਥਿਤੀ ’ਚ ਫਿਰਕੂ ਸਦਭਾਵਨਾ ਨੂੰ ਅੱਗੇ ਵਧਾਇਆ।
ਮਦਨੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਮੇਵਾਤ ਦੇ ਮੁਸਲਮਾਨਾਂ ਨਾਲ ਪੂਰੀ ਇਕਜੁਟਤਾ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ, ਬਲਕਿ ‘‘ਫ਼ਿਰਕੂ ਤਾਕਤਾਂ ਦੀਆਂ ਸਾਜ਼ਸ਼ਾਂ ਦਾ ਪਰਦਾਫਾਸ਼ ਵੀ ਕੀਤਾ।’’
ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਮੇਵਾਤ ਦੇ ਦੱਬੇ-ਕੁਚਲੇ ਮੁਸਲਮਾਨਾਂ ਨੂੰ ਹੱਲਾਸ਼ੇਰੀ ਮਿਲੀ ਹੈ ਸਗੋਂ ਇਸ ਨਾਲ ਧਾਰਮਿਕ ਕੱਟੜਤਾ ਦਾ ਮਾਹੌਲ ਪੈਦਾ ਕਰਨ ਲਈ ਭਾਈਚਾਰੇ ’ਤੇ ਦੋਸ਼ ਲਾਉਣ ਦੀ ਖ਼ਤਰਨਾਕ ਸਾਜ਼ਸ਼ ਨੂੰ ਵੀ ਨਾਕਾਮ ਕੀਤਾ ਗਿਆ ਹੈ।
ਪਰ ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ‘‘ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ’’ ਕਰ ਰਹੀ ਹੈ। ਮਦਨੀ ਨੇ ਕਿਹਾ, ‘‘ਪੁਲਿਸ ਦੀ ਮੌਜੂਦਗੀ ’ਚ ਫ਼ਿਰਕੂ ਸਮੂਹਾਂ ਦੇ ਸਮਰਥਨ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਉਹ ਮੁਸਲਮਾਨਾਂ ਦੇ ਆਰਥਕ ਬਾਈਕਾਟ ਲਈ ਖੁੱਲ੍ਹੇਆਮ ਸੱਦਾ ਦੇ ਰਹੇ ਹਨ, ਪਰ ਸੱਤਾਧਾਰੀ ਪਾਰਟੀ ਨਾ ਤਾਂ ਸੂਬੇ ਵਿਚ ਅਤੇ ਨਾ ਹੀ ਕੇਂਦਰ ’ਚ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਕੁਝ ਕਰ ਰਹੀ ਹੈ।’’
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਨੂੰ ਲੈ ਕੇ ਨੂਹ ’ਚ ਹੋਈ ਝੜਪ ਹੋਈ ਸੀ ਜੋ ਗੁਰੂਗ੍ਰਾਮ ’ਚ ਵੀ ਫੈਲ ਗਈ ਸੀ। ਇਸ ਹਿੰਸਾ ’ਚ ਦੋ ਹੋਮ ਗਾਰਡ ਅਤੇ ਇਕ ਪਾਦਰੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹਰਿਆਣਾ ਦੀਆਂ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਨੂਹ ’ਚ ਹੋਈ ਹਿੰਸਾ ਸੂਬੇ ਵਿਚ ਭਾਜਪਾ-ਜੇਜੇਪੀ ਦੇ ਮਤਭੇਦ ਦੀ ਅਸਫਲਤਾ ਦਾ ਨਤੀਜਾ ਹੈ।