ਸੁਤੰਤਰਤਾ ਦਿਵਸ ’ਤੇ ਝੰਡਾ ਲਹਿਰਾਉਣਗੇ ਆਤਿਸ਼ੀ : ਸਰਕਾਰੀ ਵਿਭਾਗ ਨੂੰ ਗੋਪਾਲ ਰਾਏ ਦਾ ਹੁਕਮ
ਨਵੀਂ ਦਿੱਲੀ: ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਆਮ ਪ੍ਰਸ਼ਾਸਨ ਵਿਭਾਗ ਨੂੰ ਹੁਕਮ ਦਿਤੇ ਕਿ ਉਹ ਸੁਤੰਤਰਤਾ ਦਿਵਸ ’ਤੇ ਅਪਣੀ ਕੈਬਨਿਟ ਸਹਿਯੋਗੀ ਆਤਿਸ਼ੀ ਵਲੋਂ ਕੌਮੀ ਝੰਡਾ ਲਹਿਰਾਉਣ ਦਾ ਪ੍ਰਬੰਧ ਕਰਨ। ਇਹ ਉਪ ਰਾਜਪਾਲ ਦੇ ਦਫਤਰ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਚਾਲੇ ਵਿਵਾਦ ਦਾ ਤਾਜ਼ਾ ਕਾਰਨ ਹੋ ਸਕਦਾ ਹੈ।
ਰਾਏ ਨੇ ਤਿਹਾੜ ਜੇਲ੍ਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ। ਇਹ ਹੁਕਮ ਜਾਰੀ ਕਰਦਿਆਂ ਆਮ ਪ੍ਰਸ਼ਾਸਨ ਮੰਤਰੀ ਰਾਏ ਨੇ ਕਿਹਾ, ‘‘ਮੈਂ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ। ਉਨ੍ਹਾਂ ਦੀ ਇੱਛਾ ਹੈ ਕਿ ਮੰਤਰੀ ਆਤਿਸ਼ੀ 15 ਅਗੱਸਤ 2024 ਨੂੰ ਛਤਰਸਾਲ ਸਟੇਡੀਅਮ ਦੇ ਪ੍ਰੋਗਰਾਮ ’ਚ ਉਨ੍ਹਾਂ ਦੀ ਥਾਂ ਝੰਡਾ ਲਹਿਰਾਏ। ਇਸ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।’’
ਪਿਛਲੇ ਹਫਤੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਆਤਿਸ਼ੀ ਦਿੱਲੀ ਸਰਕਾਰ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਦੌਰਾਨ ਕੌਮੀ ਝੰਡਾ ਲਹਿਰਾਏਗੀ।
ਹਾਲਾਂਕਿ, ਉਪ ਰਾਜਪਾਲ ਦਫ਼ਤਰ ਨੇ ਕਿਹਾ ਕਿ ਉਸ ਨੂੰ ਮੁੱਖ ਮੰਤਰੀ ਤੋਂ ਕੋਈ ਸੰਚਾਰ ਨਹੀਂ ਮਿਲਿਆ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਕੇਜਰੀਵਾਲ ਨੂੰ ਦਸਿਆ ਕਿ ਸਕਫ਼ੌਜ ਨੂੰ ਲਿਖੀ ਚਿੱਠੀ ਜੇਲ੍ਹ ਨਿਯਮਾਂ ਤਹਿਤ ਉਨ੍ਹਾਂ ਨੂੰ ਦਿਤੇ ਗਏ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਹੈ। ਕੇਜਰੀਵਾਲ ਨੂੰ ਦਸਿਆ ਗਿਆ ਕਿ ਉਪ ਰਾਜਪਾਲ ਨੂੰ ਲਿਖੀ ਉਨ੍ਹਾਂ ਦੀ ਚਿੱਠੀ ਉਨ੍ਹਾਂ ਨੂੰ ਨਹੀਂ ਭੇਜੀ ਗਈ ਸੀ।
ਦਿੱਲੀ ਸਰਕਾਰ ਦਾ ਸੁਤੰਤਰਤਾ ਦਿਵਸ ਸਮਾਰੋਹ ਹਰ ਸਾਲ ਛਤਰਸਾਲ ਸਟੇਡੀਅਮ ’ਚ ਆਯੋਜਿਤ ਕੀਤਾ ਜਾਂਦਾ ਹੈ ਅਤੇ ਮੁੱਖ ਮੰਤਰੀ ਇਕੱਠ ਨੂੰ ਸੰਬੋਧਨ ਕਰਦੇ ਹਨ। ਕੇਜਰੀਵਾਲ ਕਥਿਤ ਆਬਕਾਰੀ ਨੀਤੀ ਘਪਲੇ ਦੇ ਸਬੰਧ ’ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕੇਸ ਦੇ ਸਬੰਧ ’ਚ ਤਿਹਾੜ ਜੇਲ੍ਹ ’ਚ ਬੰਦ ਹਨ।
ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਉਪ ਰਾਜਪਾਲ ਦੇ ਨਾਂ ਚਿੱਠੀ ਤੋਂ ਖ਼ਫ਼ਾ ਤਿਹਾੜ ਜੇਲ ਅਧਿਕਾਰੀ
ਨਵੀਂ ਦਿੱਲੀ: ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੂਚਿਤ ਕੀਤਾ ਹੈ ਕਿ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਲਿਖੀ ਚਿੱਠੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਆਤਿਸ਼ੀ ਸੁਤੰਤਰਤਾ ਦਿਵਸ ’ਤੇ ਤਿਰੰਗਾ ਲਹਿਰਾਉਣਗੇ, ਦਿੱਲੀ ਜੇਲ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਦਿਤੇ ‘ਵਿਸ਼ੇਸ਼ ਅਧਿਕਾਰਾਂ ਦਾ ਦੁਰਉਪਯੋਗ’ ਹੈ।
ਤਿਹਾੜ ਜੇਲ ਨੰਬਰ 2 ਦੇ ਸੁਪਰਡੈਂਟ ਨੇ ਦਿੱਲੀ ਜੇਲ ਨਿਯਮ 2018 ਦੀਆਂ ਵੱਖ-ਵੱਖ ਧਾਰਾਵਾਂ ਦਾ ਹਵਾਲਾ ਦਿਤਾ ਅਤੇ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਸਲਾਹ ਦਿਤੀ ਕਿ ਉਹ ਅਜਿਹੀ ਕਿਸੇ ਵੀ ਗਲਤ ਗਤੀਵਿਧੀ ਤੋਂ ਦੂਰ ਰਹਿਣ ਨਹੀਂ ਤਾਂ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ’ਚ ਕਟੌਤੀ ਕੀਤੀ ਜਾਵੇਗੀ।
ਪਿਛਲੇ ਹਫਤੇ ਉਪ ਰਾਜਪਾਲ ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਦਿੱਲੀ ਸਰਕਾਰ ਦੇ ਸੁਤੰਤਰਤਾ ਦਿਵਸ ਸਮਾਰੋਹ ’ਚ ਉਨ੍ਹਾਂ ਦੀ ਥਾਂ ਕੌਮੀ ਝੰਡਾ ਲਹਿਰਾਏਗੀ। ਹਾਲਾਂਕਿ, ਉਪ ਰਾਜਪਾਲ ਦਫ਼ਤਰ ਨੇ ਮੁੱਖ ਮੰਤਰੀ ਤੋਂ ਅਜਿਹਾ ਕੋਈ ਚਿੱਠੀ ਮਿਲਣ ਤੋਂ ਇਨਕਾਰ ਕੀਤਾ ਹੈ।
ਕੇਜਰੀਵਾਲ ਕਥਿਤ ਆਬਕਾਰੀ ਨੀਤੀ ਘਪਲੇ ਦੇ ਸਬੰਧ ’ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਇਕ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ। ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਹੈ।
ਕੇਜਰੀਵਾਲ ਨੂੰ ਲਿਖੀ ਚਿੱਠੀ ’ਚ ਤਿਹਾੜ ਜੇਲ ਅਧਿਕਾਰੀਆਂ ਨੇ ਕਿਹਾ, ‘‘ਉਪਰੋਕਤ ਨਿਯਮਾਂ ਨੂੰ ਪੜ੍ਹਨ ਤੋਂ ਇਹ ਸਪੱਸ਼ਟ ਹੈ ਕਿ ਤੁਹਾਡਾ ਚਿੱਠੀ ਪੱਤਰ-ਵਿਹਾਰ ਦੀ ਸ਼੍ਰੇਣੀ ’ਚ ਨਹੀਂ ਆਉਂਦਾ, ਜਿਸ ਨੂੰ ਜੇਲ੍ਹ ਤੋਂ ਬਾਹਰ ਭੇਜਣ ਦੀ ਇਜਾਜ਼ਤ ਹੈ। ਸਿਰਫ ਲੋਕਾਂ ਦੇ ਸਮੂਹ ਨਾਲ ਨਿੱਜੀ ਪੱਤਰ-ਵਿਹਾਰ ਦੀ ਇਜਾਜ਼ਤ ਹੈ। ਇਸ ਲਈ, ਤੁਹਾਡਾ 6 ਅਗੱਸਤ ਦਾ ਚਿੱਠੀ ਪ੍ਰਾਪਤਕਰਤਾ ਨੂੰ ਨਹੀਂ ਭੇਜਿਆ ਗਿਆ ਹੈ।’’
ਚਿੱਠੀ ’ਚ ਕਿਹਾ ਗਿਆ ਹੈ ਕਿ ਵਿਚਾਰ ਅਧੀਨ ਕੈਦੀ ਦਿੱਲੀ ਜੇਲ੍ਹ ਨਿਯਮਾਂ ਦੇ ਕਾਨੂੰਨੀ ਪ੍ਰਬੰਧਾਂ ਹੇਠ ਹੁੰਦੇ ਹਨ। ਇਸ ’ਚ ਕਿਹਾ ਗਿਆ ਹੈ, ‘‘ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਤੁਹਾਡੇ ਵਲੋਂ 6 ਅਗੱਸਤ ਨੂੰ ਸੌਂਪੀ ਗਈ ਚਿੱਠੀ ਦੀ ਸਮੱਗਰੀ ਬਿਨਾਂ ਕਿਸੇ ਅਧਿਕਾਰ ਦੇ ਮੀਡੀਆ ਨੂੰ ਲੀਕ ਕਰ ਦਿਤੀ ਗਈ। ਇਹ ਦਿੱਲੀ ਜੇਲ੍ਹ ਨਿਯਮ 2018 ਦੇ ਤਹਿਤ ਤੁਹਾਨੂੰ ਦਿਤੇ ਗਏ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਹੈ।’’ ਜੇਲ੍ਹ ਸੁਪਰਡੈਂਟ ਨੇ ਕੇਜਰੀਵਾਲ ਨੂੰ ਅਜਿਹੀ ਕਿਸੇ ਵੀ ਅਣਉਚਿਤ ਗਤੀਵਿਧੀ ਤੋਂ ਬਚਣ ਦੀ ਸਲਾਹ ਦਿਤੀ।