
ਮਹਿਜ਼ 36 ਘੰਟੇ ਹੀ ਵਿਧਾਇਕ ਰਹੇ ਸਨ ਬਲਦੇਵ ਕੁਮਾਰ
ਇਨ੍ਹੀਂ ਦਿਨੀਂ ਪਾਕਿਸਤਾਨ ਦੇ ਇਕ ਸਾਬਕਾ ਵਿਧਾਇਕ ਬਲਦੇਵ ਕੁਮਾਰ ਕਾਫ਼ੀ ਸੁਰਖ਼ੀਆਂ ਵਿਚ ਛਾਏ ਹੋਏ ਹਨ। ਜਿਨ੍ਹਾਂ ਵੱਲੋਂ ਇਹ ਕਹਿੰਦੇ ਹੋਏ ਭਾਰਤ ਵਿਚ ਰਾਜਸੀ ਸ਼ਰਨ ਮੰਗੀ ਜਾ ਰਹੀ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਜ਼ੁਲਮ ਕੀਤਾ ਜਾਂਦਾ ਹੈ। ਹਿੰਦੂ-ਸਿੱਖ ਤਾਂ ਕੀ ਪਾਕਿ ਵਿਚ ਮੁਸਲਿਮ ਤਕ ਵੀ ਸੁਰੱਖਿਅਤ ਨਹੀਂ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਉਹ ਹੁਣ ਪਾਕਿਸਤਾਨ ਵਾਪਸ ਨਹੀਂ ਜਾਣਗੇ।
Pakistan Tehreek-e-Insaf
ਉਸ ਨੂੰ ਭਾਰਤ ਵਿਚ ਸ਼ਰਨ ਦਿੱਤੀ ਜਾਵੇ। ਇਹੀ ਨਹੀਂ ਇਸ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਿਧਾਇਕ ਰਹੇ ਬੁਲਦੇਵ ਕੁਮਾਰ ਨੇ ਪਾਰਟੀ ਪ੍ਰਧਾਨ ਅਤੇ ਪਾਕਿ ਪੀਐਮ ਇਮਰਾਨ ਖ਼ਾਨ ’ਤੇ ਵੀ ਕਾਫ਼ੀ ਗੰਭੀਰ ਇਲਜ਼ਾਮ ਲਗਾਏ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਇਮਰਾਨ ਖ਼ਾਨ ਦੀ ਦੋਸਤੀ ਤੋਂ ਬਚਣ ਦੀ ਸਲਾਹ ਦੇ ਦਿੱਤੀ।
Ex PTI MLA Baldev Singh threatened by Pakistan
ਬਲਦੇਵ ਕੁਮਾਰ ਹੈ ਕੌਣ ਅਤੇ ਕੀ ਐ ਉਨ੍ਹਾਂ ਦਾ ਪਿਛੋਕੜ- ਬਲਦੇਵ ਕੁਮਾਰ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਦੀ ਬਾਰੀਕੋਟ ਰਾਖਵੀਂ ਸੀਟ ਤੋਂ ਵਿਧਾਇਕ ਰਹੇ ਹਨ। ਸਾਲ 2016 ਵਿਚ ਬਲਦੇਵ ਕੁਮਾਰ ’ਤੇ ਅਪਣੀ ਹੀ ਪਾਰਟੀ ਦੇ ਵਿਧਾਇਕ ਸੂਰਨ ਸਿੰਘ ਦੀ ਹੱਤਿਆ ਦਾ ਦੋਸ਼ ਲੱਗਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਦੋ ਸਾਲ ਤੱਕ ਜੇਲ੍ਹ ਵਿਚ ਰੱਖਿਆ ਗਿਆ। ਪਾਕਿਸਤਾਨੀ ਕਾਨੂੰਨ ਮੁਤਾਬਕ ਜੇਕਰ ਕਿਸੇ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸੇ ਪਾਰਟੀ ਦੇ ਦੂਜੇ ਨੰਬਰ ’ਤੇ ਰਹਿਣ ਵਾਲੇ ਨੇਤਾ ਨੂੰ ਵਿਧਾਇਕ ਬਣਾ ਦਿੱਤਾ ਜਾਂਦਾ ਹੈ ਜੋ ਬਲਦੇਵ ਕੁਮਾਰ ਸਨ ਪਰ ਸੂਰਨ ਸਿੰਘ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਹੋ ਜਾਣ ਕਾਰਨ ਉਹ ਐਮਪੀਏ ਦੀ ਸਹੁੰ ਨਹੀਂ ਚੁੱਕ ਸਕੇ ਸਨ।
Sikh politician Sardar Sooran Singh
ਸਾਲ 2018 ਵਿਚ ਉਨ੍ਹਾਂ ਨੂੰ ਉਸ ਸਮੇਂ ਬਰੀ ਕੀਤਾ ਗਿਆ ਜਦੋਂ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਵਿਚ ਮਹਿਜ਼ ਦੋ ਦਿਨ ਬਾਕੀ ਰਹਿ ਗਏ ਸਨ ਭਾਵੇਂ ਕਿ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਲਦੇਵ ਕੁਮਾਰ ਨੇ ਅਹੁਦੇ ਸਹੁੰ ਚੁੱਕ ਲਈ ਸੀ ਪਰ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਕਾਰਨ ਉਹ ਮਹਿਜ਼ 36 ਘੰਟਿਆਂ ਤਕ ਹੀ ਵਿਧਾਇਕ ਰਹਿ ਸਕੇ। ਬਲਦੇਵ ਕੁਮਾਰ ਦਾ ਵਿਆਹ ਸਾਲ 2007 ਵਿਚ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਖੰਨਾ ਸ਼ਹਿਰ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ। ਵਿਆਹ ਦੇ ਸਮੇਂ ਉਹ ਕੌਂਸਲਰ ਸਨ। ਖੰਨਾ ਦੇ ਸਮਰਾਲਾ ਰੋਡ ’ਤੇ ਪੈਂਦੇ ਮਾਡਲ ਟਾਊਨ ਵਿਚ ਉਨ੍ਹਾਂ ਦੇ ਸਹੁਰਿਆਂ ਦਾ ਘਰ ਹੈ ਅਤੇ ਉਹ ਖ਼ੁਦ ਵੀ ਅੱਜਕੱਲ੍ਹ ਉਥੇ ਹੀ ਦੋ ਕਮਰਿਆਂ ਦੇ ਕਿਰਾਏ ਦੇ ਇਕ ਮਕਾਨ ਵਿਚ ਅਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਬਲਦੇਵ ਕੁਮਾਰ ਦੇ ਵਿਆਹ ਨੂੰ ਭਾਵੇਂ 12 ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਪਤਨੀ ਭਾਵਨਾ ਅਜੇ ਵੀ ਭਾਰਤੀ ਨਾਗਰਿਕ ਹੈ। ਜਦਕਿ ਉਨ੍ਹਾਂ ਦੇ ਦੋਵੇਂ ਬੱਚੇ 11 ਸਾਲ ਦੀ ਰੀਆ ਅਤੇ 10 ਸਾਲ ਸੈਮ ਪਾਕਿਸਤਾਨੀ ਨਾਗਰਿਕ ਹਨ। ਬਲਦੇਵ ਕੁਮਾਰ ਦੀ ਬੇਟੀ ਰੀਆ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਵਿਚ ਇਲਾਜ ਸਸਤਾ ਹੈ ਜਦਕਿ ਪਾਕਿਸਤਾਨ ਵਿਚ ਸਿਹਤ ਸਹੂਲਤਾਂ ਕਾਫ਼ੀ ਜ਼ਿਆਦਾ ਮਹਿੰਗੀਆਂ ਹਨ।
Baldev Singh Family
ਬਲਦੇਵ ਕੁਮਾਰ ਵੱਲੋਂ ਪਾਕਿਸਤਾਨ ਨੂੰ ਲੈ ਕੇ ਆਖੀਆਂ ਗੱਲਾਂ ਬਾਰੇ ਕੁੱਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹੈ ਕਿ ਜੇਕਰ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਇੰਨਾ ਹੀ ਜ਼ੁਲਮ ਹੁੰਦਾ ਤਾਂ ਉਹ ਕਦੇ ਵੀ ਪਾਕਿਸਤਾਨ ਵਿਚ ਵਿਧਾਇਕ ਨਾ ਬਣ ਪਾਉਂਦੇ ਜਦਕਿ ਉਨ੍ਹਾਂ ਤੋਂ ਪਹਿਲਾਂ ਵਾਲਾ ਵਿਧਾਇਕ ਸੂਰਨ ਸਿੰਘ ਵੀ ਘੱਟ ਗਿਣਤੀਆਂ ਨਾਲ ਸਬੰਧਤ ਸੀ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਬਲਦੇਵ ਕੁਮਾਰ ਅਪਣੀ ਪਤਨੀ ਦੇ ਦਬਾਅ ’ਤੇ ਭਾਰਤ ਵਿਚ ਸ਼ਰਨ ਮੰਗ ਰਹੇ ਹਨ
ਜੋ ਅਜੇ ਵੀ ਭਾਰਤੀ ਨਾਗਰਿਕ ਹੈ ਜਦਕਿ ਕੁੱਝ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਸੇ ਦੂਜੇ ਦੇਸ਼ ਵਿਚ ਸਿਆਸੀ ਸ਼ਰਨ ਲੈਣ ਲਈ ਅਪਣੇ ਦੇਸ਼ ਦੀ ਸਰਕਾਰ ’ਤੇ ਇਸ ਤਰ੍ਹਾਂ ਦੇ ਦੋਸ਼ ਲਗਾਉਣੇ ਆਮ ਗੱਲ ਹੋ ਗਈ ਹੈ। ਖ਼ੈਰ ਦੇਖਦੇ ਹਾਂ ਕਿ ਮੋਦੀ ਸਰਕਾਰ ਇਮਰਾਨ ਖ਼ਾਨ ਦੀ ਪਾਰਟੀ ਦੇ ਇਸ ਸਾਬਕਾ ਵਿਧਾਇਕ ਨੂੰ ਸ਼ਰਨ ਦਿੰਦੀ ਹੈ ਜਾਂ ਨਹੀਂ।