
ਸਵੈ-ਰੁਜ਼ਗਾਰ ਨਾਲ ਜੋੜੇਗੀ ਕੇਂਦਰ ਸਰਕਾਰ
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਨੇ ਪੁਜਾਰੀਆਂ ਅਤੇ ਰਸਮਾਂ ਨਾਲ ਜੁੜੇ ਲੋਕਾਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੀ ਯੋਜਨਾ ਤਿਆਰ ਕੀਤੀ ਹੈ। ਅਗਲੇ 18 ਮਹੀਨਿਆਂ ਵਿੱਚ ਦੇਸ਼ ਭਰ ਵਿੱਚ 1.72 ਲੱਖ ਪੁਜਾਰੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਪਹਿਲੀ ਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਸਿਖਲਾਈ ਯੋਜਨਾ ਨਾਲ ਜੋੜਨ ਜਾ ਰਹੀ ਹੈ। ਇਹ ਸੰਸਥਾਵਾਂ ਸਿਖਲਾਈ ਦੀਆਂ ਲੋੜਾਂ ਪੂਰੀਆਂ ਕਰਨਗੀਆਂ। ਇਸ ਦੇ ਲਈ ਕੇਂਦਰ ਸਰਕਾਰ ਉਨ੍ਹਾਂ ਨੂੰ ਭੁਗਤਾਨ ਕਰੇਗੀ। ਸਿਖਲਾਈ ਪ੍ਰੋਗਰਾਮ 'ਤੇ ਕਿੰਨੀ ਰਾਸ਼ੀ ਖਰਚ ਕੀਤੀ ਜਾਵੇਗੀ, ਇਸ ਬਾਰੇ ਕੋਈ ਅਧਿਕਾਰੀ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਹੈ।
ਪੁਜਾਰੀਆਂ ਦੀ ਸਿਖਲਾਈ ਲਈ ਦੇਸ਼ ਭਰ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਹੁਨਰ ਵਿਕਾਸ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਵਿੱਚ 2200, ਗੁਜਰਾਤ ਵਿੱਚ 632, ਛੱਤੀਸਗੜ੍ਹ ਵਿੱਚ 209 ਅਤੇ ਬਿਹਾਰ ਵਿੱਚ 1400 ਲੋਕ ਰਜਿਸਟਰਡ ਹੋਏ ਹਨ। ਸਭ ਤੋਂ ਵੱਧ 56 ਹਜ਼ਾਰ ਰਜਿਸਟ੍ਰੇਸ਼ਨ ਤਾਮਿਲਨਾਡੂ ਵਿੱਚ ਹੋਈ ਹੈ।
ਦੱਖਣੀ ਭਾਰਤ ਵਿੱਚ ਪੁਜਾਰੀਆਂ ਦੇ ਸਿਖਲਾਈ ਕੋਰਸ ਦੀ ਮਿਆਦ 6 ਮਹੀਨੇ ਨਿਰਧਾਰਤ ਕੀਤੀ ਗਈ ਹੈ, ਜਦੋਂ ਕਿ ਹੋਰ ਥਾਵਾਂ 'ਤੇ 3 ਤੋਂ 6 ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਪੂਜਾ-ਪਾਠ, ਰਸਮਾਂ ਆਦਿ ਵਿੱਚ ਉਚਾਰੇ ਜਾਂਦੇ ਸਲੋਕਾਂ ਅਤੇ ਮੰਤਰਾਂ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਪੜ੍ਹਾਉਣਾ ਪੈਂਦਾ ਹੈ।