
ਜਲ ਸੈਨਾ ਅਨੁਸਾਰ ਜਹਾਜ਼ ਨਿਯਮਤ ਉਡਾਣ 'ਤੇ ਸੀ ਪਰ ਜਦੋਂ ਇਹ ਬੇਸ 'ਤੇ ਵਾਪਸ ਜਾ ਰਿਹਾ ਸੀ ਤਾਂ ਇਸ ਵਿਚ ਤਕਨੀਕੀ ਨੁਕਸ ਪੈ ਗਿਆ।
ਨਵੀਂ ਦਿੱਲੀ: ਜਲ ਸੈਨਾ ਦਾ ਇਕ ਮਿਗ-29-ਕੇ ਲੜਾਕੂ ਜਹਾਜ਼ ਗੋਆ ਵਿਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਸੁਰੱਖਿਅਤ ਬਚ ਨਿਕਲਣ ਵਿਚ ਕਾਮਯਾਬ ਰਹੇ। ਜਲ ਸੈਨਾ ਅਨੁਸਾਰ ਜਹਾਜ਼ ਨਿਯਮਤ ਉਡਾਣ 'ਤੇ ਸੀ ਪਰ ਜਦੋਂ ਇਹ ਬੇਸ 'ਤੇ ਵਾਪਸ ਜਾ ਰਿਹਾ ਸੀ ਤਾਂ ਇਸ ਵਿਚ ਤਕਨੀਕੀ ਨੁਕਸ ਪੈ ਗਿਆ।
ਖਬਰ ਹੈ ਕਿ ਪਾਇਲਟ ਠੀਕ ਹੈ। ਉਹ ਸਮੇਂ ਸਿਰ ਜਹਾਜ਼ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ। ਤਲਾਸ਼ੀ ਮੁਹਿੰਮ ਦੌਰਾਨ ਪਾਇਲਟ ਨੂੰ ਤੁਰੰਤ ਲੱਭ ਲਿਆ ਗਿਆ ਅਤੇ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਇਲਟ ਦੀ ਹਾਲਤ ਸਥਿਰ ਹੈ। ਜਲ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਬੋਰਡ ਦਾ ਗਠਨ ਕੀਤਾ ਗਿਆ ਹੈ।
ਭਾਰਤੀ ਜਲ ਸੈਨਾ ਨੇ ਕਿਹਾ, 'ਟਵਿਨ ਇੰਜਣ ਮਿਗ-29ਕੇ ਬੇਸ 'ਤੇ ਵਾਪਸ ਪਰਤਦੇ ਸਮੇਂ ਸਮੁੰਦਰ 'ਤੇ ਹਾਦਸਾਗ੍ਰਸਤ ਹੋ ਗਿਆ। ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਇਕ ਤੇਜ਼ ਖੋਜ ਅਤੇ ਬਚਾਅ ਕਾਰਜ ਵਿਚ ਉਹਨਾਂ ਨੂੰ ਬਚਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਸਥਿਰ ਹੈ’।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਫੌਜ ਦਾ ਚੀਤਾ ਹੈਲੀਕਾਪਟਰ ਵੀ ਕਰੈਸ਼ ਹੋ ਗਿਆ ਸੀ। ਫੌਜ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਹੈਲੀਕਾਪਟਰ ਰੁਟੀਨ ਉਡਾਣ ਦੌਰਾਨ ਕਰੈਸ਼ ਹੋ ਗਿਆ। ਹਾਲਾਂਕਿ ਉਸ ਦੌਰਾਨ ਪਾਇਲਟ ਲੈਫਟੀਨੈਂਟ ਕਰਨਲ ਸੌਰਭ ਯਾਦਵ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਦਕਿ ਇਕ ਹੋਰ ਪਾਇਲਟ ਗੰਭੀਰ ਹਾਲਤ 'ਚ ਇਲਾਜ ਅਧੀਨ ਹੈ।