
ਕਈ ਮਜ਼ਦੂਰ ਜੱਸਲਪੁਰ ਪਿੰਡ ’ਚ ਇਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਲਈ ਟੋਆ ਪੁੱਟ ਰਹੇ ਸਨ
Gujarat News : ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਇਕ ਉਸਾਰੀ ਵਾਲੀ ਥਾਂ ’ਤੇ ਮਿੱਟੀ ਧਸਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਹ ਹਾਦਸਾ ਮਹਿਸਾਣਾ ਤੋਂ ਕਰੀਬ 37 ਕਿਲੋਮੀਟਰ ਦੂਰ ਜਸਲਪੁਰ ਪਿੰਡ ਨੇੜੇ ਵਾਪਰਿਆ ਹੈ।
ਪੁਲਿਸ ਨੇ ਦੱਸਿਆ ਕਿ ਜਸਲਪੁਰ ਪਿੰਡ ਵਿੱਚ ਕਈ ਮਜ਼ਦੂਰ ਇਕ ਫੈਕਟਰੀ ਲਈ ਜ਼ਮੀਨਦੋਜ਼ ਟੈਂਕ ਬਣਾਉਣ ਲਈ ਟੋਆ ਪੁੱਟ ਰਹੇ ਸਨ ਤਾਂ ਅਚਾਨਕ ਮਿੱਟੀ ਧਸਣ ਕਾਰਨ ਕੰਮ ਕਰਦੇ ਕਈ ਮਜ਼ਦੂਰ ਜ਼ਿੰਦਾ ਦਬ ਗਏ। ਹਾਦਸੇ ਤੋਂ ਬਾਅਦ ਜੇਸੀਬੀ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ 5 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤਿੰਨ ਤੋਂ ਚਾਰ ਮਜ਼ਦੂਰਾਂ ਦੇ ਅਜੇ ਵੀ ਮਿੱਟੀ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ। 5 ਐਂਬੂਲੈਂਸਾਂ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ।
ਮੇਹਸਾਣਾ ਜ਼ਿਲ੍ਹੇ ਦੇ ਐਸਪੀ ਡਾ. ਤਰੁਣ ਦੁੱਗਲ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦਾ ਕੰਮ ਚੱਲ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਸਾਰੀਆਂ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਮਜ਼ਦੂਰ ਇੱਕ ਨਿੱਜੀ ਕੰਪਨੀ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ,‘‘ਗੁਜਰਾਤ ਦੇ ਮਹਿਸਾਣਾ ’ਚ ਕੰਧ ਡਿੱਗਣ ਕਾਰਨ ਵਾਪਰਿਆ ਹਾਦਸਾ ਬਹੁਤ ਦੁਖਦ ਹੈ। ਮੇਰੀ ਉਨ੍ਹਾਂ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਇਸ ਦੇ ਨਾਲ ਹੀ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’