ਸਰਕਾਰੀ ਵਕੀਲ ਇਸ ਮਾਮਲੇ ’ਚ ਸਬੂਤ ਸਾਬਤ ਕਰਨ ’ਚ ਅਸਫਲ ਰਿਹਾ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸ ਆਗੂ ਜਗਦੀਸ਼ ਟਾਈਟਲਰ ਅਤੇ ਵਿਵਾਦਿਤ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੂੰ 2009 ’ਚ ਤਤਕਾਲੀ ਗ੍ਰਹਿ ਰਾਜ ਮੰਤਰੀ ਅਜੈ ਮਾਕਨ ਦੇ ਲੈਟਰਹੈਡ ’ਤੇ ਕਥਿਤ ਜਾਅਲਸਾਜ਼ੀ ਦੇ ਮਾਮਲੇ ’ਚ ਬਰੀ ਕਰ ਦਿਤਾ। ਬਚਾਅ ਪੱਖ ਦੇ ਇਕ ਵਕੀਲ ਨੇ ਇਹ ਜਾਣਕਾਰੀ ਦਿਤੀ।
ਵਰਮਾ ਵਲੋਂ ਪੇਸ਼ ਹੋਏ ਵਕੀਲ ਮਨਿੰਦਰ ਸਿੰਘ ਨੇ ਦਸਿਆ ਕਿ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਮੁਲਜ਼ਮਾਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿਤਾ ਕਿ ਸਰਕਾਰੀ ਵਕੀਲ ਇਸ ਮਾਮਲੇ ’ਚ ਸਬੂਤ ਸਾਬਤ ਕਰਨ ’ਚ ਅਸਫਲ ਰਿਹਾ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮਾਕਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ।
ਸ਼ਿਕਾਇਤ ਮੁਤਾਬਕ ਵਰਮਾ ਨੇ 2009 ’ਚ ਮਾਕਨ ਦੇ ਲੈਟਰਹੈਡ ’ਤੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਜਾਅਲੀ ਚਿੱਠੀ ਲਿਖ ਕੇ ਬਿਜ਼ਨਸ ਵੀਜ਼ਾ ਨਿਯਮਾਂ ਨੂੰ ਕਮਜ਼ੋਰ ਕਰਨ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਚਾਰਜਸ਼ੀਟ ’ਚ ਕਿਹਾ ਸੀ ਕਿ ਇਹ ਧੋਖਾਧੜੀ ਟਾਈਟਲਰ ਅਤੇ ਵਰਮਾ ਦੀ ਸਰਗਰਮ ਮਿਲੀਭੁਗਤ ਨਾਲ ਕੀਤੀ ਗਈ ਸੀ।
ਸੀ.ਬੀ.ਆਈ. ਨੇ ਦੋਸ਼ ਲਾਇਆ ਸੀ ਕਿ ਜਾਅਲੀ ਚਿੱਠੀ ਚੀਨ ਦੀ ਇਕ ਦੂਰਸੰਚਾਰ ਕੰਪਨੀ ਨੂੰ ਭਾਰਤ ’ਚ ਵੀਜ਼ਾ ਵਧਾਉਣ ਦਾ ਝੂਠਾ ਭਰੋਸਾ ਦੇਣ ਦੇ ਇਰਾਦੇ ਨਾਲ ਦਿਤਾ ਗਿਆ ਸੀ। ਚਾਰਜਸ਼ੀਟ ਮੁਤਾਬਕ ਵਰਮਾ ਨੇ ਚਿੱਠੀ ਵਿਖਾਉਣ ਲਈ ਕੰਪਨੀ ਤੋਂ 10 ਲੱਖ ਡਾਲਰ ਦੀ ਮੰਗ ਕੀਤੀ ਸੀ ਪਰ ਪੈਸੇ ਦਾ ਲੈਣ-ਦੇਣ ਨਹੀਂ ਹੋਇਆ।
ਮਾਕਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਵਰਮਾ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 469 ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮੁਕੱਦਮਾ ਜਾਅਲਸਾਜ਼ੀ ਨਾਲ ਸਬੰਧਤ ਹੈ ਜਿਸ ਦਾ ਉਦੇਸ਼ ਸਾਖ ਨੂੰ ਨੁਕਸਾਨ ਪਹੁੰਚਾਉਣਾ ਹੈ।