ਕਿਹਾ : ਧਮਾਕੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਦਿੱਤੀ ਜਾਵੇਗੀ ਸਜ਼ਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਬੁੱਧਵਾਰ ਨੂੰ ਦਿੱਲੀ ਲਾਲ ਕਿਲ੍ਹਾ ਧਮਾਕੇ ਦੇ ਜ਼ਖਮੀਆਂ ਨਾਲ ਐਲ.ਐਨ.ਜੇ.ਪੀ ਹਸਪਤਾਲ ਵਿੱਚ ਮੁਲਾਕਾਤ ਕੀਤੀ। ਉਹ ਦੁਪਹਿਰ 2 ਵਜੇ ਭੂਟਾਨ ਦੌਰੇ ਤੋਂ ਪਰਤੇ ਸਨ ਅਤੇ ਉਹ ਸਿੱਧੇ ਹਵਾਈ ਅੱਡੇ ਤੋਂ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ ਕਿ ਸਾਜ਼ਿਸ਼ ਰਚਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਲਗਭਗ ਅੱਧਾ ਘੰਟਾ ਹਸਪਤਾਲ ਵਿੱਚ ਰਹੇ ਅਤੇ ਉਨ੍ਹਾਂ ਜ਼ਖਮੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਸ਼ਾਮ ਨੂੰ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ ਕਰਨਗੇ। ਇਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਘਟਨਾ ਦਾ ਵੇਰਵੇ ਰੱਖਣਗੇ। ਇਸ ਤੋਂ ਬਾਅਦ ਧਮਾਕੇ ਨਾਲ ਜੁੜੀਆਂ ਬਾਕੀ ਜਾਣਕਾਰੀਆਂ ਵੀ ਜਨਤਕ ਕੀਤੀਆਂ ਜਾ ਸਕਦੀਆਂ ਹਨ।
ਧਮਾਕੇ ਨੂੰ ਲੈ ਕੇ ਹੁਣ ਨਵੇਂ ਖੁਲਾਸੇ ਹੋ ਰਹੇ ਹਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਤਿਵਾਦੀਆਂ ਦੀ 200 ਬੰਬਾਂ ਦੇ ਨਾਲ 26/11 ਵਰਗੇ ਹਮਲੇ ਦੀ ਸਾਜ਼ਿਸ਼ ਸੀ। ਦਿੱਲੀ, ਗੁਰੂਗ੍ਰਾਮ ਅਤੇ ਫਰੀਦਾਬਾਦ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਦਿੱਲੀ ਦੇ ਲਾਲ ਕਿਲ੍ਹਾ, ਇੰਡੀਆ ਗੇਟ ਅਤੇ ਗੌਰੀ ਸ਼ੰਕਰ ਮੰਦਿਰ ਵਰਗੇ ਪ੍ਰਮੁੱਖ ਸਥਾਨਾਂ ਨੂੰ ਚੁਣਿਆ ਸੀ। ਇਸ ਤੋਂ ਇਲਾਵਾ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਅਤੇ ਵੱਡੇ ਮੌਲਜ਼ ਨੂੰ ਵੀ ਨਿਸ਼ਾਨੇ ’ਤੇ ਸਨ। ਸੂਤਰਾਂ ਅਨੁਸਾਰ ਇਹ ਸਾਜ਼ਿਸ਼ ਜਨਵਰੀ ਤੋਂ ਚੱਲ ਰਹੀ ਸੀ। ਅਤਿਵਾਦੀ ਮਡਿਊਲ ਦਾ ਸਬੰਧ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ। ਅਤਿਵਾਦੀ ਪਿਛਲੇ ਕਈ ਮਹੀਨਿਆਂ ਤੋਂ 200 ਬੰਬ ਬਣਾਉਣ ਦੀ ਤਿਆਰੀ ਕਰ ਰਹੇ ਸਨ।
