
ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰ ਜਿੱਤ ਦੇ ਗੀਤ ਗਾਉਂਦੇ ਹੋਇਆ ਛੱਡੀਆਂ ਸਰਹੱਦਾਂ
ਨਵੀਂ ਦਿੱਲੀ : ਟਰੈਕਟਰਾਂ ਦੇ ਵੱਡੇ-ਵੱਡੇ ਕਾਫ਼ਲਿਆਂ ਨਾਲ 26 ਨਵੰਬਰ 2020 ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚੇ ਅੰਦੋਲਨਕਾਰੀ ਕਿਸਾਨਾਂ ਨੇ ਸਨਿਚਰਵਾਰ ਦੀ ਸਵੇਰ ਅਪਣੇ-ਅਪਣੇ ਗ੍ਰਹਿ ਸੂਬਿਆਂ ਵਲ ਪਰਤੇ। ਇਕ ਸਾਲ ਤੋਂ ਵੱਧ ਸਮੇਂ ਤਕ ਅਪਣੇ ਘਰਾਂ ਤੋਂ ਦੂਰ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਾਈ ਬੈਠੇ ਇਹ ਕਿਸਾਨ ਅਪਣੇ ਨਾਲ ਜੇਤੂ ਹਾਸੇ, ਖ਼ੁਸ਼ੀ ਅਤੇ ਸਫ਼ਲ ਅੰਦੋਲਨ ਦੀਆਂ ਯਾਦਾਂ ਲੈ ਕੇ ਪਰਤ ਰਹੇ ਹਨ।
Farmers Victory
ਕਿਸਾਨਾਂ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਰਾਜ ਮਾਰਗਾਂ ਤੋਂ ਨਾਕੇਬੰਦੀ ਹਟਾ ਦਿਤੀ। ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮ.ਐਸ.ਪੀ. ਉਤੇ ਕਾਨੂੰਨੀ ਗਾਰੰਟੀ ਲਈ ਇਕ ਕਮੇਟੀ ਗਠਤ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੇਂਦਰ ਦੇ ਲਿਖਤੀ ਭਰੋਸੇ ਦਾ ਜਸ਼ਨ ਮਨਾਉਣ ਲਈਕ ‘ਵਿਜੇ ਮਾਰਚ’ ਕਢਿਆ ਅਤੇ ਘਰਾਂ ਨੂੰ ਪਰਤੇ।
Farmers Victory
ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਵਿਚ ਕਿਸਾਨਾਂ ਦੇ ਅਪਣੇ ਘਰਾਂ ਲਈ ਰਵਾਨਗੀ ਪਾਉਣ ਨਾਲ ਭਾਵਨਾਵਾਂ ਹੌਸਲਾ ਬਣ ਕੇ ਉਮੜ ਪਈਆਂ। ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰ ਜਿੱਤ ਦੇ ਗੀਤ ਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਨਿਕਲੇ ਅਤੇ ਰੰਗੀਨ ਪੱਗਾਂ ਬੰਨ੍ਹ ਕੇ ਬਜ਼ੁਰਗ ਅਤੇ ਨੌਜਵਾਨ ਨਚਦੇ ਹੋਏ ਨਜ਼ਰ ਆਏ। ਕਿਸਾਨਾਂ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਪਿਛਲੇ ਇਕ ਸਾਲ ਤੋਂ ਸਾਡਾ ਘਰ ਬਣ ਗਿਆ ਸੀ।
Farmers Victory
ਇਸ ਅੰਦੋਲਨ ਨੇ ਸਾਨੂੰ ਇਕਜੁਟ ਕੀਤਾ, ਕਿਉਂਕਿ ਅਸੀਂ ਵੱਖ-ਵੱਖ ਜਾਤਾਂ, ਪੰਥਾਂ ਅਤੇ ਧਰਮਾਂ ਦੇ ਬਾਵਜੂਦ ਕਾਲੇ ਖੇਤੀ ਕਾਨੂੰਨਾਂ ਵਿਰੁਧ ਇਕੱਠੇ ਲੜੇ। ਇਹ ਇਕ ਇਤਿਹਾਸਕ ਪਲ ਹੈ ਅਤੇ ਅੰਦੋਲਨ ਦਾ ਜੇਤੂ ਨਤੀਜਾ ਹੋਰ ਵੀ ਵੱਡਾ ਹੋ ਗਿਆ ਹੈ। ਕਿਸਾਨਾਂ ਨੇ 11 ਦਸੰਬਰ ਦਾ ਦਿਨ ‘ਵਿਜੇ ਦਿਵਸ’ ਦੇ ਰੂਪ ਵਿਚ ਮਨਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਇਹ ਦੇਖਣ ਲਈ ਕਿ ਕੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ, ਅਸੀਂ 15 ਜਨਵਰੀ ਨੂੰ ਫਿਰ ਮੁਲਾਕਾਤ ਕਰਾਂਗੇ।
Farmers Victory
ਯਾਦ ਰਹੇ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਿਛਲੇ ਸਾਲ 26 ਨਵੰਬਰ 2020 ਤੋਂ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ 29 ਨਵੰਬਰ 2021 ਨੂੰ ਸੰਸਦ ’ਚ ਇਕ ਬਿਲ ਪਾਸ ਕੀਤਾ ਗਿਆ ਸੀ। ਹਾਲਾਂਕਿ ਕਿਸਾਨਾਂ ਨੇ ਅਪਣਾ ਅੰਦੋਲਨ ਖ਼ਤਮ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰੇ, ਜਿਸ ’ਚ ਐਮ. ਐਸ. ਪੀ. ’ਤੇ ਕਾਨੂੰਨੀ ਗਰੰਟੀ ਅਤੇ ਉਨ੍ਹਾਂ ਵਿਰੁਧ ਪੁਲਿਸ ਕੇਸ ਵਾਪਸ ਲੈਣਾ ਸ਼ਾਮਲ ਹੈ। ਜਿਵੇਂ ਹੀ ਸਰਕਾਰ ਨੇ ਰਹਿੰਦੀਆਂ ਮੰਗਾਂ ਨੂੰ ਮਨਜ਼ੂਰ ਕਰ ਲਿਆ, ਅੰਦੋਲਨ ਦੀ ਅਗਵਾਈ ਕਰ ਰਹੀਆਂ 40 ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਅਤੇ ਐਲਾਨ ਕੀਤਾ ਕਿ ਕਿਸਾਨ 11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਕਰਨਗੇ।