
ਔਰਤ ਨੇ ਵੀ ਬੱਚੀ ਸੁੱਟੇ ਜਾਣ ਤੋਂ ਬਾਅਦ ਕੈਬ ’ਚੋਂ ਬਾਹਰ ਛਾਲ ਮਾਰ ਦਿਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪਾਲਘਰ, (ਮਹਾਂਰਾਸ਼ਟਰ) : ਮਹਾਂਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਮੁੰਬਈ-ਅਹਿਮਦਾਬਾਦ ਰਾਜਮਾਰਗ ’ਤੇ ਸਨਿਚਰਵਾਰ ਸਵੇਰੇ ਕੈਬ ’ਚ ਇਕ ਔਰਤ ਨਾਲ ਛੇੜਛਾੜ ਕੀਤੀ ਗਈ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ 10 ਮਹੀਨੇ ਦੀ ਬੱਚੀ ਨੂੰ ਚਲਦੀ ਗੱਡੀ ’ਚੋਂ ਬਾਹਰ ਸੁੱਟ ਦਿਤਾ ਗਿਆ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਔਰਤ ਨੇ ਵੀ ਬੱਚੀ ਸੁੱਟੇ ਜਾਣ ਤੋਂ ਬਾਅਦ ਕੈਬ ’ਚੋਂ ਬਾਹਰ ਛਾਲ ਮਾਰ ਦਿਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਔਰਤ ਅਤੇ ਉਸ ਦੀ ਧੀ ਪੇਲਹਾਰ ਤੋਂ ਵਾਡਾ ਤਹਿਸੀਲ ਦੇ ਪੋਸ਼ੇਰੇ ’ਚ ਕੈਬ ’ਤੇ ਆ ਰਹੀਆਂ ਸਨ। ਕੈਬ ’ਚ ਕੁਝ ਹੋਰ ਯਾਤਰੀ ਵੀ ਮੌਜੂਦ ਸਨ। ਔਰਤ ਨੇ ਪੁਲਿਸ ਨੂੰ ਦਸਿਆ ਕਿ ਰਸਤੇ ’ਚ ਕੈਬ ਡਰਾਈਵਰ ਅਤੇ ਸਹਿ ਯਾਤਰੀਆਂ ਨੇ ਔਰਤ ਨਾਲ ਛੇੜਛਾੜ ਕੀਤੀ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਬੱਚੀ ਨੂੰ ਖੋਹ ਲਿਆ ਅਤੇ ਤੇਜ਼ ਰਫ਼ਤਾਰ ਕੈਬ ’ਚੋਂ ਬਾਹਰ ਸੁੱਟ ਦਿਤਾ।
ਇਸ ਦੌਰਾਨ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਔਰਤ ਨੂੰ ਵੀ ਕੈਬ ’ਚੋਂ ਬਾਹਰ ਧੱਕਾ ਦੇ ਦਿਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਔਰਤ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਂਡਵੀ ਪੁਲਿਸ ਥਾਣੇ ’ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਿਲਹਾਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ।