ਮੁੱਖ ਮੰਤਰੀ ਨੇ ਇਸ ਨੂੰ ‘ਸਨਮਾਨ ਦੀ ਬਹਾਲੀ’ ਦਸਿਆ
ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 1984 ਦੇ ਸਿੱਖ ਕਤਲੇਆਮ ਤੋਂ ਪ੍ਰਭਾਵਤ ਪਰਵਾਰਾਂ ਦੇ 36 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਉਨ੍ਹਾਂ ਨੇ ਇਸ ਸੰਕੇਤ ਨੂੰ ਸਿਰਫ ਰੁਜ਼ਗਾਰ ਨਹੀਂ, ਬਲਕਿ ਉਨ੍ਹਾਂ ਲੋਕਾਂ ਲਈ ਸਨਮਾਨ, ਅਧਿਕਾਰਾਂ ਅਤੇ ਪਛਾਣ ਦੀ ਬਹਾਲੀ ਕਿਹਾ ਜਿਨ੍ਹਾਂ ਨੇ ਨਿਆਂ ਲਈ ਚਾਰ ਦਹਾਕਿਆਂ ਦੀ ਉਡੀਕ ਕੀਤੀ ਹੈ।
ਗੁਪਤਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਇਕ ਨਾ ਭੁੱਲਣ ਵਾਲਾ ਦੁਖਾਂਤ ਬਣਿਆ ਹੋਇਆ ਹੈ ਅਤੇ ਹਾਲਾਂਕਿ ਕੋਈ ਮੁਆਵਜ਼ਾ ਪਰਵਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ ਪਰ ਦਿੱਲੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਨੂੰ ਸਨਮਾਨਜਨਕ ਜ਼ਿੰਦਗੀ ਮਿਲੇ।
ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਗਠਨ ਰਾਹੀਂ ਨਿਆਂ ਵਿਚ ਤੇਜ਼ੀ ਲਿਆਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਰਦਰਸ਼ੀ ਅਤੇ ਤੇਜ਼ ਨਿਯੁਕਤੀ ਪ੍ਰਕਿਰਿਆ ਨੂੰ ਪੂਰਾ ਕਰ ਕੇ ਇਸ ਸੰਕਲਪ ਨੂੰ ਅੱਗੇ ਵਧਾ ਰਹੀ ਹੈ।
ਇਸ ਤੋਂ ਪਹਿਲਾਂ 19 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਮਿਲ ਚੁਕੇ ਸਨ ਅਤੇ ਤਾਜ਼ਾ ਬੈਚ ਦੇ ਨਾਲ, ਦੰਗਾ ਪ੍ਰਭਾਵਤ ਪਰਵਾਰ ਦੇ ਕੁਲ 55 ਮੈਂਬਰਾਂ ਨੂੰ ਹੁਣ ਵੱਖ-ਵੱਖ ਵਿਭਾਗਾਂ ਵਿਚ ਮਲਟੀ-ਟਾਸਕਿੰਗ ਸਟਾਫ (ਐਮ.ਟੀ.ਐਸ.) ਦੀਆਂ ਅਸਾਮੀਆਂ ਉਤੇ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨਾਲ ਸੇਵਾ ਕਰਨ ਅਤੇ ‘ਵਿਕਸਿਤ ਦਿੱਲੀ’ ਬਣਾਉਣ ਵਿਚ ਯੋਗਦਾਨ ਪਾਉਣ।
