
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਸੰਜੇ ਬਾਰੂ ਵਲੋਂ ਲਿਖੀ ਕਿਤਾਬ 'ਤੇ ਬਣਾਈ ਗਈ ਫ਼ਿਲਮ 'ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ'.......
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਸੰਜੇ ਬਾਰੂ ਵਲੋਂ ਲਿਖੀ ਕਿਤਾਬ 'ਤੇ ਬਣਾਈ ਗਈ ਫ਼ਿਲਮ 'ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ' ਸ਼ੁਕਰਵਾਰ ਨੂੰ ਰਲੀਜ਼ ਹੋਈ। ਇਸ ਫਿਲਮ ਦੇ ਰਲੀਜ਼ ਹੋਣ ਦੌਰਾਨ ਕੋਲਕਾਤਾ ਦੇ ਪਾਸ਼ ਇਲਾਕੇ ਵਿਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕੁਝ ਵਰਕਰ ਹੱਥਾਂ ਵਿਚ ਕਾਂਗਰਸ ਦਾ ਝੰਡਾ ਲੈ ਕੇ ਵੈਸਟ ਮਾਲ 'ਚ ਦਾਖ਼ਲ ਹੋ ਗਏ। ਰਾਤ ਕਰੀਬ 8 ਵਜੇ ਹੋਏ ਇਸ ਹੰਗਾਮੇ ਮਗਰੋਂ ਮਾਲ 'ਚ ਹਫ਼ੜਾ ਤਫ਼ੜੀ ਦਾ ਮਾਹੌਲ ਬਣ ਗਿਆ। ਉਧਰ ਇੰਦੌਰ ਅਤੇ ਜਬਲਪੁਰ ਵਿਚ ਵੀ ਫਿਲਮ ਪ੍ਰਦਰਸ਼ਨ ਦੌਰਾਨ ਹੰਗਾਮੇ ਦੀ ਜਾਣਕਾਰੀ ਮਿਲੀ ਹੈ।
ਫ਼ਿਲਮ ਵਿਰੁਧ ਯੁਵਾ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਨਿਚਰਵਾਰ ਨੂੰ ਇਕ ਪਰਦੇ ਵਾਲੇ ਦੋ ਥੀਏਟਰਾਂ ਅਤੇ ਇਕ ਮਲਟੀਪਲੈਕਸ ਚੈਲ ਦੇ ਇਕ ਪ੍ਰਦਰਸ਼ਨ ਵਿਚ ਇਸ ਫ਼ਿਲਮ ਦੀ ਸਕਰੀਨਿੰਗ ਰੋਕ ਦਿਤੀ ਗਈ। ਇਕ ਪਰਦੇ ਵਾਲੇ ਨਵੀਨਾ ਸਿਨੇਮੇ ਦੇ ਮਾਲਕ ਨਵੀਨ ਚੌਖਾਨੀ ਨੇ ਕਿਹਾ, 'ਪਾਰਕ ਸਰਕਸ ਦੇ ਇਕ ਮਾਲ ਵਿਚ ਮਲਟੀਪਲੈਕਸ ਚੇਨ ਦੇ ਪਰਦੇ ਨੂੰ ਪਾੜ ਦਿਤੇ ਜਾਣ ਮਗਰੋਂ ਅਣਸੁਖਾਂਵੀਆਂ ਘਟਨਾਵਾਂ ਦੇ ਡਰ ਤੋਂ ਅਸੀ ਇਸ ਫ਼ਿਲਮ ਦੀ ਰਲੀਜ਼ ਦੇ ਦੂਜੇ ਦਿਨ ਅੱਜ ਤੋਂ ਦਿਖਾਉਣਾ ਬੰਦ ਕਰ ਦਿਤਾ ਹੈ।' ਚੇਖਾਨੀ ਨੇ ਕਿਹਾ ਕਿ ਇਸ ਫ਼ਿਲਮ ਦਾ ਪ੍ਰਦਰਸ਼ਨ ਬੰਦ ਕਰ ਦਿਤਾ ਗਿਆ।
ਪਹਿਲੇ ਦਿਨ ਦੋ ਵਜੇ ਤਕ ਦਾ ਸ਼ੋ ਸ਼ਾਂਤੀਪੂਰਨ ਤਰੀਕੇ ਨਾਲ ਲੰਘ ਗਿਆ ਸੀ। ਦੂਜੇ ਇਕ ਪਰਦੇ ਵਾਲੇ ਅਸ਼ੋਕ ਸਿਨੇਮਾ ਵਿਚ ਵੀ ਇਸ ਫ਼ਿਲਮ ਦੀ ਸਕਰੀਨਿੰਗ ਬੰਦ ਕਰ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਯੁਵਾ ਕਾਂਗਰਸ ਦੇ ਵਰਕਰਾਂ ਨੇ ਗਣੇਸ਼ ਚੰਦਰ ਐਵੀਨਿਊ ਵਿਚ ਇਕ ਮਲਟੀਪਲੈਕਸ ਚੇਨ ਦੇ ਆਡੀਟੋਰੀਅਮ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਪੋਸਟਰ ਪਾੜ ਦਿਤੇ ਸਨ। ਯੁਵਾ ਕਾਂਗਰਸ ਦੀ ਇਕ ਹੋਰ ਜਥੇਬੰਦੀ ਵਲੋਂ ਸ਼ਾਮ ਨੂੰ ਸ਼ੋ ਦੌਰਾਨ ਉਸੇ ਮਲਟੀਪਲੈਕਸ 'ਚ ਪਰਦਾ ਪਾੜ ਦਿਤਾ ਸੀ। (ਪੀਟੀਆਈ)