
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਪਹਿਲੀ ਸੂਚੀ ਵਿਚ 125 ਉਮੀਦਵਾਰਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚੋਂ 50 ਔਰਤਾਂ ਹਨ। ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਪ੍ਰਿਅੰਕਾ ਗਾਂਧੀ ਨੇ ਖਾਸ ਤੌਰ 'ਤੇ ਮਹਿਲਾ ਉਮੀਦਵਾਰਾਂ ਦਾ ਜ਼ਿਕਰ ਕੀਤਾ ਅਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ।
ਕਾਂਗਰਸ ਵੱਲੋਂ ਜਿਨ੍ਹਾਂ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਹਨਾਂ ਵਿਚ ਇਕ ਨਾਂਅ ਬਹੁਤ ਅਹਿਮ ਹੈ। ਦਰਅਸਲ ਕਾਂਗਰਸ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮਾਂ ਆਸ਼ਾ ਸਿੰਘ ਨੂੰ ਟਿਕਟ ਦਿੱਤੀ ਹੈ। ਇਸ ਮਾਮਲੇ 'ਚ ਭਾਜਪਾ ਦੇ ਸਾਬਕਾ ਨੇਤਾ ਕੁਲਦੀਪ ਸੇਂਗਰ 'ਤੇ ਜਬਰ ਜਨਾਹ ਅਤੇ ਕਤਲ ਦੇ ਆਰੋਪ ਲੱਗੇ ਸਨ। ਇਸ ਤੋਂ ਇਲਾਵਾ ਕੁਝ ਪੱਤਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ।
ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ, ''ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਘਰਸ਼ਸ਼ੀਲ ਅਤੇ ਅਜਿਹੇ ਉਮੀਦਵਾਰ ਹੋਣ ਜੋ ਸੂਬੇ 'ਚ ਨਵੀਂ ਰਾਜਨੀਤੀ ਕਰਨ। ਇਨ੍ਹਾਂ ਵਿਚੋਂ 40 ਫੀਸਦੀ ਔਰਤਾਂ ਅਤੇ 40 ਫੀਸਦੀ ਨੌਜਵਾਨ ਹਨ। ਮਹਿਲਾ ਉਮੀਦਵਾਰਾਂ ਵਿਚ ਕੁਝ ਪੱਤਰਕਾਰ, ਇਕ ਅਭਿਨੇਤਰੀ, ਸੰਘਰਸ਼ ਕਰਨ ਵਾਲੀਆਂ ਔਰਤਾਂ ਅਤੇ ਅਜਿਹੀਆਂ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਤਸ਼ੱਦਦ ਅਤੇ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੈ।
ਆਸ਼ਾ ਸਿੰਘ ਦੇ ਨਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸੱਤਾ ਵਿਚ ਆਉਣ ਅਤੇ ਆਪਣੀਆਂ ਲੜਾਈਆਂ ਆਪ ਲੜਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ- ਉਨਾਓ 'ਚ ਭਾਜਪਾ ਨੇ ਜਿਸ ਦੀ ਬੇਟੀ ਨਾਲ ਜ਼ੁਲਮ ਕੀਤਾ, ਹੁਣ ਉਹ ਇਨਸਾਫ ਦਾ ਚਿਹਰਾ ਬਣੇਗੀ। ਲੜੇਗੀ, ਜਿੱਤੇਗੀ।
ਇਸ ਤੋਂ ਇਲਾਵਾ ਜਿਨ੍ਹਾਂ ਪ੍ਰਮੁੱਖ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ, ਉਹਨਾਂ ਵਿਚ ਸ਼ਾਹਜਹਾਂਪੁਰ ਦੀ ਆਸ਼ਾ ਵਰਕਰ ਪੂਨਮ ਪਾਂਡੇ ਵੀ ਸ਼ਾਮਲ ਹੈ। ਪ੍ਰਿਅੰਕਾ ਗਾਂਧੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਕਾਂਗਰਸ ਵਲੋਂ ਸਦਾਫ ਜ਼ਫਰ ਨੂੰ ਵੀ ਟਿਕਟ ਦਿੱਤੀ ਗਈ ਹੈ, ਜਿਸ ਨੂੰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਹ ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਕੋਆਰਡੀਨੇਟਰ ਵੀ ਹੈ।