
ਬਰਤਾਨਵੀ ਹਾਈ ਕਮਿਸ਼ਨਰ ਦੇ ਮਕਬੂਜ਼ਾ ਕਸ਼ਮੀਰ ਦੇ ਦੌਰੇ ਨੂੰ ਦਸਿਆ ਨਾਮਨਜ਼ੂਰ
ਨਵੀਂ ਦਿੱਲੀ: ਭਾਰਤ ਨੇ ਇਸਲਾਮਾਬਾਦ ’ਚ ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਇਕ ਹੋਰ ਬ੍ਰਿਟਿਸ਼ ਅਧਿਕਾਰੀ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਦੌਰੇ ’ਤੇ ਬਰਤਾਨੀਆਂ ਕੋਲ ਸਖਤ ਵਿਰੋਧ ਦਰਜ ਕਰਵਾਇਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਅਜਿਹੀ ਉਲੰਘਣਾ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸਲਾਮਾਬਾਦ ’ਚ ਬ੍ਰਿਟਿਸ਼ ਹਾਈ ਕਮਿਸ਼ਨਰ ਦੇ 10 ਜਨਵਰੀ ਨੂੰ ਬਰਤਾਨੀਆਂ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਦੇ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬੇਹੱਦ ਇਤਰਾਜ਼ਯੋਗ ਦੌਰੇ ਨੂੰ ਗੰਭੀਰਤਾ ਨਾਲ ਲਿਆ ਹੈ।
ਵਿਦੇਸ਼ ਸਕੱਤਰ ਨੇ ਇਸ ਮਾਮਲੇ ’ਚ ਭਾਰਤ ’ਚ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜਵਾਂ ਅੰਗ ਹਨ, ਹਨ ਅਤੇ ਹਮੇਸ਼ਾ ਰਹਿਣਗੇ।