
MP ਦੇ ਪਰਸ਼ੂਰਾਮ ਭਲਾਈ ਬੋਰਡ ਪ੍ਰਧਾਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਕੀਤਾ ਹੈਰਾਨੀਜਨਕ ਐਲਾਨ, ਕਿਹਾ, ‘1951 ਤੋਂ ਬਾਅਦ ਦੇਸ਼ ’ਚ ਬ੍ਰਾਹਮਣਾਂ ਦੀ ਆਬਾਦੀ ਅੱਧੀ ਰਹਿ ਗਈ’
ਇੰਦੌਰ : ਮੱਧ ਪ੍ਰਦੇਸ਼ ਸਰਕਾਰ ਦੇ ਪਰਸ਼ੂਰਾਮ ਭਲਾਈ ਬੋਰਡ ਦੇ ਚੇਅਰਮੈਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਬ੍ਰਾਹਮਣਾਂ ਦੇ ਇਕ ਭਾਈਚਾਰੇ ਦੇ ਸੰਮੇਲਨ ਦੌਰਾਨ ਐਲਾਨ ਕੀਤਾ ਹੈ ਕਿ ਇਸ ਭਾਈਚਾਰੇ ’ਚ ਚਾਰ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ।
ਹਾਲਾਂਕਿ ਇਸ ਐਲਾਨ ’ਤੇ ਵਿਵਾਦ ਭੜਕਣ ਤੋਂ ਬਾਅਦ ਰਾਜੋਰੀਆ ਨੂੰ ਸਪੱਸ਼ਟ ਕਰਨਾ ਪਿਆ ਕਿ ਸੂਬੇ ’ਚ ਬ੍ਰਾਹਮਣ ਭਾਈਚਾਰੇ ਦੀ ਆਬਾਦੀ ਵਧਾਉਣ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੇ ਪੱਧਰ ’ਤੇ ਕੋਈ ਇਨਾਮ ਯੋਜਨਾ ਸ਼ੁਰੂ ਨਹੀਂ ਕੀਤੀ ਗਈ ਹੈ ਅਤੇ ਉਹ ਇਹ ਇਨਾਮ ਅਪਣੀ ਨਿੱਜੀ ਸਮਰੱਥਾ ’ਚ ਦੇਣਗੇ।
ਇਹ ਐਲਾਨ ਪਰਸ਼ੂਰਾਮ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਐਤਵਾਰ ਨੂੰ ਇੰਦੌਰ ’ਚ ਸਨਾਧਿਆ ਬ੍ਰਾਹਮਣ ਭਾਈਚਾਰੇ ਦੇ ਵਿਆਹਯੋਗ ਨੌਜੁਆਨਾਂ ਅਤੇ ਔਰਤਾਂ ਦੀ ਜਾਣ-ਪਛਾਣ ਸਮਾਰੋਹ ਦੌਰਾਨ ਕੀਤਾ, ਜਿਸ ਦਾ ਇਕ ਕਥਿਤ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਉ ’ਚ ਰਾਜੋਰੀਆ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਚੰਗਾ ਅਹੁਦਾ ਅਤੇ ਇੱਜ਼ਤ ਹਾਸਲ ਕਰਨ ਤੋਂ ਬਾਅਦ ਨੌਜੁਆਨ ਬੱਚਾ ਪੈਦਾ ਕਰ ਕੇ ਅਪਣੇ ਪਰਵਾਰ ’ਤੇ ਰੋਕ ਲਗਾ ਦਿੰਦੇ ਹਨ ਅਤੇ ਇਹ ਮਾਮਲਾ ਬਹੁਤ ਗਲਤ ਤਰੀਕੇ ਨਾਲ ਚੱਲ ਰਿਹਾ ਹੈ।
ਉਨ੍ਹਾਂ ਨੇ ਕਾਨਫਰੰਸ ’ਚ ਹਿੱਸਾ ਲੈਣ ਵਾਲੇ ਨੌਜੁਆਨਾਂ ਅਤੇ ਔਰਤਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਘੱਟੋ-ਘੱਟ ਚਾਰ ਬੱਚੇ ਪੈਦਾ ਕਰਨ ਦੀ ਅਪੀਲ ਕਰਦਾ ਹਾਂ। ਪਰਸ਼ੂਰਾਮ ਵੈਲਫੇਅਰ ਬੋਰਡ ਉਨ੍ਹਾਂ ਲੋਕਾਂ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗਾ ਜਿਨ੍ਹਾਂ ਦੇ ਸਨਾਧਿਆ ਸਮਾਜ ’ਚ ਚਾਰ ਬੱਚੇ ਹਨ।’’
ਰਾਜੋਰੀਆ ਨੇ ਇਹ ਵੀ ਕਿਹਾ ਕਿ ਇਹ ਇਨਾਮ ਪਰਸ਼ੂਰਾਮ ਵੈਲਫੇਅਰ ਬੋਰਡ ਦੇ ਚੇਅਰਮੈਨ ਦੇ ਅਹੁਦੇ ’ਤੇ ਬੈਠੇ ਕਿਸੇ ਵੀ ਵਿਅਕਤੀ ਵਲੋਂ ਦਿਤਾ ਜਾਵੇਗਾ, ਚਾਹੇ ਉਹ ਭਵਿੱਖ ’ਚ ਵੀ ਇਸ ਅਹੁਦੇ ’ਤੇ ਬਣੇ ਰਹੇ ਜਾਂ ਨਾ ਰਹੇ।
ਰਾਜੋਰੀਆ ਨੇ ਕਾਨਫਰੰਸ ’ਚ ਇਹ ਵੀ ਕਿਹਾ ਕਿ ਦੇਸ਼ ’ਚ ‘ਧਰਮ ਵਿਰੋਧੀ ਲੋਕਾਂ’ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ, ‘‘ਧਰਮ-ਵਿਰੋਧੀਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ। ਕਿਉਂਕਿ ਅਸੀਂ ਅਪਣੇ ਪਰਵਾਰ ਵਲ ਧਿਆਨ ਦੇਣਾ ਲਗਭਗ ਬੰਦ ਕਰ ਦਿਤਾ ਹੈ।’’
ਜਾਣ-ਪਛਾਣ ਸੰਮੇਲਨ ’ਚ ਕੀਤੇ ਗਏ ਐਲਾਨ ਬਾਰੇ ਪੁੱਛੇ ਜਾਣ ’ਤੇ ਰਾਜੋਰੀਆ ਨੇ ਸੋਮਵਾਰ ਨੂੰ ਕਿਹਾ ਕਿ ਇਸ ਕਾਨਫਰੰਸ ਦੌਰਾਨ 58 ਜੋੜਿਆਂ ਦੇ ਵਿਆਹ ਤੈਅ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘ਮੈਂ ਕਾਨਫਰੰਸ ’ਚ ਹਿੱਸਾ ਲੈਣ ਵਾਲੇ ਨੌਜੁਆਨ ਮਰਦਾਂ ਅਤੇ ਔਰਤਾਂ ਲਈ ਐਲਾਨ ਕੀਤਾ ਸੀ ਕਿ ਜੇ ਉਹ ਵਿਆਹ ਤੋਂ ਬਾਅਦ ਚਾਰ ਬੱਚਿਆਂ ਨੂੰ ਜਨਮ ਦਿੰਦੇ ਹਨ, ਤਾਂ ਉਨ੍ਹਾਂ ਨੂੰ ਮੇਰੇ ਵਲੋਂ ਇਕ ਲੱਖ ਰੁਪਏ ਦਿਤੇ ਜਾਣਗੇ।’’
ਉਨ੍ਹਾਂ ਕਿਹਾ ਕਿ ਉਹ ਪੁਰਸਕਾਰ ਰਕਮ ਦਾ ਪ੍ਰਬੰਧ ਨਿੱਜੀ ਤੌਰ ’ਤੇ ਜਾਂ ਸਮਾਜਕ ਸਹਾਇਤਾ ਨਾਲ ਕਰਨਗੇ ਅਤੇ ਸੂਬਾ ਸਰਕਾਰ ਨੇ ਇਸ ਪੁਰਸਕਾਰ ਲਈ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਹੈ। ਰਾਜੋਰੀਆ ਨੇ ਦਾਅਵਾ ਕੀਤਾ ਕਿ 1951 ਤੋਂ ਬਾਅਦ ਦੇਸ਼ ’ਚ ਬ੍ਰਾਹਮਣਾਂ ਦੀ ਆਬਾਦੀ ਅੱਧੀ ਰਹਿ ਗਈ ਹੈ।