
High Speed Car Crushed Labourers: ਹਾਦਸੇ ਤੋਂ ਬਾਅਦ ਖ਼ਾਲੀ ਪਲਾਟ ’ਚੋਂ ਪੁਲਿਸ ਨੂੰ ਮਿਲੀ ‘ਚੰਡੀਗੜ੍ਹ ਦੀ ਗੱਡੀ’
High Speed Car Crushed Labourers in Dehradun: ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਚਾਰ ਮਜ਼ਦੂਰਾਂ ਨੂੰ ਕੁਚਲ ਦਿਤਾ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਦਰਦਨਾਕ ਹਾਦਸਾ ਬੁੱਧਵਾਰ ਰਾਤ ਰਾਜਪੁਰ ਰੋਡ ’ਤੇ ਸਾਈਂ ਮੰਦਰ ਨੇੜੇ ਵਾਪਰਿਆ, ਜਦੋਂ ਇਕ ਬੇਕਾਬੂ ਕਾਰ ਨੇ ਸੜਕ ਕਿਨਾਰੇ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਕੁਚਲ ਦਿਤਾ। ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸੀ ਅਤੇ ਇਹ ਮਸੂਰੀ ਤੋਂ ਦੇਹਰਾਦੂਨ ਵੱਲ ਆ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਜ਼ਦੂਰਾਂ ਨੂੰ ਕਈ ਮੀਟਰ ਤੱਕ ਘਸੀਟਿਆ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਨੇ ਕਾਰ ਨਹੀਂ ਰੋਕੀ ਅਤੇ ਸਕੂਟਰ ਸਵਾਰ ਨੂੰ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰ ਕਾਠਬੰਗਲਾ ਨਦੀ ਖੇਤਰ ਵਿੱਚ ਰਹਿੰਦੇ ਸਨ। ਪੁਲਿਸ ਮੁਤਾਬਕ ਮ੍ਰਿਤਕਾਂ ’ਚੋਂ ਦੋ ਦੀ ਪਛਾਣ ਅਯੁੱਧਿਆ ਦੇ ਮਨਸ਼ਾਰਾਮ (30) ਅਤੇ ਰੰਜੀਤ (35), ਬਾਰਾਬੰਕੀ ਦੇ ਬਲਕਰਨ (40) ਅਤੇ ਫੈਜ਼ਾਬਾਦ ਦੇ ਦੁਰਗੇਸ਼ ਵਜੋਂ ਹੋਈ ਹੈ। ਸਾਰੇ ਮਜ਼ਦੂਰ ਸ਼ਿਵਮ ਨਾਂ ਦੇ ਠੇਕੇਦਾਰ ਕੋਲ ਕੰਮ ਕਰ ਰਹੇ ਸਨ।
ਇਸ ਹਾਦਸੇ ਵਿੱਚ ਸਕੂਟਰ ਸਵਾਰ ਦੋ ਹੋਰ ਵਿਅਕਤੀ ਧਨੀਰਾਮ ਅਤੇ ਮੁਹੰਮਦ ਸਾਕਿਬ ਵੀ ਜ਼ਖ਼ਮੀ ਹੋ ਗਏ। ਦੋਹਾਂ ਦੀਆਂ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਉਤਰਾਂਚਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਦੋਵਾਂ ਦੀ ਹਾਲਤ ਸਥਿਰ ਹੈ ਪਰ ਫਿਲਹਾਲ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਵਰਤੀ ਗਈ ਮਰਸੀਡੀਜ਼ ਕਾਰ ’ਤੇ ਚੰਡੀਗੜ੍ਹ ਦੀ ਨੰਬਰ ਪਲੇਟ ਲੱਗੀ ਹੋਈ ਸੀ। ਤਫ਼ਤੀਸ਼ ਦੌਰਾਨ ਸਹਸਤ੍ਰਧਾਰਾ ਇਲਾਕੇ ਵਿੱਚ ਇੱਕ ਖ਼ਾਲੀ ਪਲਾਟ ਵਿੱਚੋਂ ਗੱਡੀ ਬਰਾਮਦ ਹੋਈ। ਪੁਲਿਸ ਨੇ ਗੱਡੀ ਦੇ ਮਾਲਕ ਦੀ ਪਛਾਣ ਕਰ ਲਈ ਹੈ, ਜੋ ਦਿੱਲੀ ਤੋਂ ਖ਼ਰੀਦੀ ਗਈ ਸੀ। ਇਸ ਤੋਂ ਇਲਾਵਾ ਦੇਹਰਾਦੂਨ ਪੁਲਿਸ ਦੀ ਟੀਮ ਦਿੱਲੀ ਅਤੇ ਚੰਡੀਗੜ੍ਹ ਭੇਜੀ ਗਈ ਹੈ ਤਾਂ ਜੋ ਵਾਹਨ ਮਾਲਕ ਅਤੇ ਡਰਾਈਵਰ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
(For more news apart from Dehradun Latest News, stay tuned to Rozana Spokesman)