ਉੱਤਰ ਪ੍ਰਦੇਸ਼ ਪੁਲਿਸ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ। ਕੰਨੌਜ ਜ਼ਿਲ੍ਹੇ ਦੇ ਠਠੀਆ ਇਲਾਕੇ ਵਿਚ ਜਦੋਂ ਇਕ ਲੜਕੀ ਛੇੜਖ਼ਾਨੀ ਦੀ ਸ਼ਿਕਾਇਤ ...
ਲਖਨਊ : ਉੱਤਰ ਪ੍ਰਦੇਸ਼ ਪੁਲਿਸ ਦੀ ਇਕ ਹੋਰ ਕਰਤੂਤ ਸਾਹਮਣੇ ਆਈ ਹੈ। ਕੰਨੌਜ ਜ਼ਿਲ੍ਹੇ ਦੇ ਠਠੀਆ ਇਲਾਕੇ ਵਿਚ ਜਦੋਂ ਇਕ ਲੜਕੀ ਛੇੜਖ਼ਾਨੀ ਦੀ ਸ਼ਿਕਾਇਤ ਕਰਨ ਲਈ ਥਾਣੇ ਪਹੁੰਚੀ ਤਾਂ ਥਾਣੇਦਾਰ ਨੇ ਕਾਰਵਾਈ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇੰਨਾ ਹੀ ਨਹੀਂ, ਜਦੋਂ ਦੋਸ਼ੀਆ 'ਤੇ ਕਾਰਵਾਈ ਨਹੀਂ ਹੋਈ ਤਾਂ ਥਾਣੇਦਾਰ ਨੇ ਪੈਸੇ ਵਾਪਸ ਵੀ ਕਰ ਦਿਤੇ। ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ 11 ਅਕਤੂਬਰ 2017 ਨੂੰ ਮੁਲਜ਼ਮ ਜਸਵਿੰਦਰ ਦਾ ਪੀੜਤ ਦੇ ਪਰਵਾਰ ਨਾਲ ਕੁੱਝ ਵਿਵਾਦ ਹੋਇਆ ਸੀ। 6 ਜਨਵਰੀ 2018 ਨੂੰ ਪੀੜਤਾ ਪਖ਼ਾਨੇ ਲਈ ਖੇਤਾਂ ਵਿਚ ਜਾ ਰਹੀ ਸੀ ਤਾਂ ਮੁਲਜ਼ਮ ਜਸਵਿੰਦਰ ਨੇ ਅਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਉਸ ਨੂੰ ਖੇਤਾਂ ਵਿਚ ਖਿੱਚ ਲਿਆ ਅਤੇ ਉਸ ਨਾਲ ਜ਼ਬਰਦਸਤੀ ਕਰਨੀ ਚਾਹੀ, ਪਰ ਪੀੜਤਾ ਦੇ ਰੌਲਾ ਪਾਉਣ 'ਤੇ ਨੇੜੇ ਖੇਤਾਂ ਵਿਚ ਕੰਮ ਕਰਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।
ਪੀੜਤਾ ਦੀ ਮਾਂ ਨੇ 100 ਨੰਬਰ 'ਤੇ ਫ਼ੋਨ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪਰਿਵਾਰ ਵਾਲਿਆਂ ਨੂੰ ਥਾਣੇ ਆਉਣ ਲਈ ਕਿਹਾ ਗਿਆ। ਜਦੋਂ ਪੀੜਤਾ ਠਠੀਆ ਥਾਣੇ ਪਹੁੰਚੀ ਤਾਂ ਕਾਰਵਾਈ ਕਰਨ ਦੇ ਨਾਮ 'ਤੇ ਥਾਣੇ ਵਿਚ ਮੌਜੂਦ ਥਾਣੇਦਾਰ ਜਿਤੇਂਦਰ ਯਾਦਵ ਨੇ ਪੀੜਤਾ ਤੋਂ 20 ਹਜ਼ਾਰ ਰੁਪਏ ਮੰਗੇ। ਉਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਦੇ ਆਦੇਸ਼ 'ਤੇ ਚਾਰੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ।
ਕਾਫ਼ੀ ਸਮਾਂ ਲੰਘਣ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਪੀੜਤ ਪਰਵਾਰ ਨੇ ਥਾਣੇਦਾਰ ਜਿਤੇਂਦਰ ਯਾਦਵ ਨਾਲ ਸੰਪਰਕ ਕੀਤਾ ਪਰ ਉਸ ਨੇ ਉਨ੍ਹਾਂ ਨੂੰ ਉਥੋਂ ਭਜਾ ਦਿਤਾ। ਪੀੜਤਾਂ ਨੇ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਤਾਂ ਪਿੰਡ ਦੇ ਸਾਬਕਾ ਪ੍ਰਧਾਨ ਵਿਨੋਦ ਯਾਦਵ ਨੇ ਪੀੜਤਾ ਨੂੰ ਇਨਸਾਫ਼ ਦਾ ਭਰੋਸਾ ਦਿਤਾ। ਮਾਮਲੇ ਵਿਚ ਬੈਠੀ ਪੰਚਾਇਤ ਦੇ ਲੋਕਾਂ ਨੂੰ ਥਾਣੇਦਾਰ ਜਿਤੇਂਦਰ ਯਾਦਵ ਨੇ 20 ਹਜ਼ਾਰ ਰੁਪਏ ਵਾਪਸ ਕਰ ਦਿਤੇ। ਇਸ ਦੌਰਾਨ ਕਿਸੇ ਨੇ ਮੋਬਾਇਲ 'ਤੇ ਵੀਡੀਓ ਵੀ ਬਣਾ ਲਿਆ।