
20 ਲੱਖ ਕਰੋੜ ਦਾ ਆਰਥਕ ਪੈਕਜ 'ਆਤਮ ਨਿਰਭਰ' ਬਣਨ ਲਈ ਦਿਤਾ ਜਾਏਗਾ ਜਿਸ ਦੇ ਵੇਰਵੇ ਵਿੱਤ ਮੰਤਰੀ ਦੇਣਗੇ
ਨਵੀਂ ਦਿੱਲੀ, 12 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਂ ਅਪਣੇ ਸੰਬੋਧਨ 'ਚ ਤਾਲਾਬੰਦੀ ਦੀ ਮਿਆਦ ਨੂੰ ਹੋਰ ਵਧਾਉਣ ਦੀ ਗੱਲ ਆਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੌਥੇ ਗੇੜ ਦੀ ਤਾਲਾਬੰਦੀ ਨਵੇਂ ਰੰਗ-ਰੂਪ ਵਾਲੀ ਹੋਵੇਗੀ ਜਿਸ ਵਿਚ ਕਾਫ਼ੀ ਸ਼ਰਤਾਂ ਅਤੇ ਨਵੇਂ ਨਿਯਮ ਹੋਣਗੇ। ਇਸ ਤੋਂ ਇਲਾਵਾ ਅਪਣੇ ਜੋਸ਼ੀਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਤਾਲਾਬੰਦੀ ਤੋਂ ਪ੍ਰਭਾਵਤ ਅਰਥਚਾਰੇ ਨੂੰ ਉਭਾਰਨ ਅਤੇ ਕਿਸਾਨਾਂ, ਮਜ਼ਦੂਰਾਂ, ਮੱਧ ਵਰਗ ਦੇ ਲੋਕਾਂ ਸਣੇ ਸਮਾਜ ਦੇ ਤਮਾਮ ਪ੍ਰਭਾਵਤ ਵਰਗਾਂ ਅਤੇ ਖੇਤਰਾਂ ਨੂੰ ਰਾਹਤ ਦੇਣ ਲਈ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਕ ਪੈਕੇਜ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੇ ਅਰਥਚਾਰੇ ਨੂੰ ਗਤੀ ਦੇਣ ਅਤੇ ਆਤਮਨਿਰਭਰ ਬਣਾਉਣ ਲਈ ਵਿਆਪਕ ਪੱਧਰ 'ਤੇ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਵੀ ਜ਼ਿਕਰ ਕੀਤਾ। ਦੇਸ਼ ਦੇ ਨਾਮ ਟੀ.ਵੀ. 'ਤੇ ਅਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਦੇ ਤਾਜ਼ਾ ਫ਼ੈਸਲਿਆਂ, ਰਿਜ਼ਰਵ ਬੈਂਕ ਦੇ ਐਲਾਨਾਂ ਨੂੰ ਮਿਲਾ ਕੇ ਇਹ ਪੈਕੇਜ ਲਗਭਗ 20 ਲੱਖ ਕਰੋੜ ਰੁਪਏ ਦਾ ਹੋਵੇਗਾ ਜੋ ਦੇਸ਼ ਦੇ ਕੁਲ ਘਰੇਲੂ ਉਤਪਾਦ ਦਾ ਲਗਭਗ 10 ਫ਼ੀ ਸਦੀ ਹੈ। ਮੋਦੀ ਨੇ ਕਿਹਾ ਕਿ ਇਸ ਪੈਕੇਜ ਬਾਰੇ ਵਿਸਥਾਰਤ ਵੇਰਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕਲ ਤੋਂ ਅਗਲੇ ਕੁੱਝ ਦਿਨਾਂ ਤਕ ਦੇਣਗੇ।
ਉਨ੍ਹਾਂ ਕਿਹਾ ਕਿ ਮਾਹਰ ਅਤੇ ਵਿਗਿਆਨੀ ਕਹਿੰਦੇ ਹਨ ਕਿ ਇਹ ਬੀਮਾਰੀ ਲੰਮੇ ਸਮੇਂ ਤਕ ਰਹੇਗੀ ਅਤੇ ਸਾਨੂੰ ਇਸ ਬੀਮਾਰੀ ਨਾਲ ਲੜਨਾ ਵੀ ਪੈਣਾ ਹੈ ਤੇ ਅੱਗੇ ਵੀ ਵਧਣਾ ਹੈ। ਉਨ੍ਹਾਂ ਕਿਹਾ ਕਿ ਚੌਥੇ ਗੇੜ ਦੀ ਤਾਲਾਬੰਦੀ ਬਾਰੇ ਤਮਾਮ ਵੇਰਵੇ 18 ਮਈ ਤਕ ਸਾਂਝੇ ਕਰ ਦਿਤੇ ਜਾਣਗੇ। ਤਾਲਾਬੰਦੀ ਦਾ ਤੀਜਾ ਗੇੜ 17 ਮਈ ਨੂੰ ਖ਼ਤਮ ਹੋ ਰਿਹਾ ਹੈ। ਦੇਸ਼ ਦੇ ਨਾਮ ਕੋਰੋਨਾ ਸੰਕਟ ਸ਼ੁਰੂ ਹੋਣ ਤੋਂ ਬਾਅਦ ਅਪਣੇ ਪੰਜਵੇਂ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਇਹ ਵੱਡਾ ਸੰਕਟ ਹੈ ਪਰ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਵਿਰੁਧ ਜਾਰੀ ਮੁਹਿੰਮ ਵਿਚ ਹਾਰ ਨਹੀਂ ਮੰਨੇਗਾ ਅਤੇ ਖ਼ੁਸ਼ਹਾਲ ਦੇਸ਼ ਦੇ ਰੂਪ ਵਿਚ ਉਭਰੇਗਾ।
File photo
ਉਨ੍ਹਾਂ ਕਿਹਾ, 'ਸਾਨੂੰ ਅਪਣੀ ਰਾਖੀ ਆਪ ਹੀ ਕਰਨੀ ਪਵੇਗੀ ਅਤੇ ਅੱਗੇ ਵੀ ਵਧਣਾ ਪਵੇਗਾ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਕ ਪੈਕੇਜ ਸਾਡੇ ਮਜ਼ਦੂਰਾਂ, ਕਿਸਾਨਾਂ, ਈਮਾਨਦਾਰ ਕਰਦਾਤਾਵਾਂ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਪੰਜ ਆਧਾਰ ਸਤੰਭਾਂ-ਅਰਥਵਿਵਸਕਾ, ਬੁਨਿਆਦੀ ਢਾਂਚਾ, ਸ਼ਾਸਨ ਪ੍ਰਬੰਧ, ਜੀਵੰਤ ਜਮਹੂਰੀਅਤ ਅਤੇ ਸਪਲਾਈ ਲੜੀ 'ਤੇ ਖੜਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਸੰਕਟ ਨੂੰ ਮੌਕੇ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਜਦ ਇਹ ਸੰਕਟ ਆਇਆ ਸੀ, ਉਦੋਂ ਦੇਸ਼ ਵਿਚ ਪੀਪੀਈ ਕਿੱਟਾਂ ਦਾ ਨਿਰਮਾਣ ਨਹੀਂ ਹੁੰਦਾ ਸੀ ਪਰ ਅੱਜ ਹਰ ਰੋਜ਼ 2 ਲੱਖ ਪੀਪੀਈ ਕਿੱਟਾਂ ਤਿਆਰ ਹੋ ਰਹੀਆਂ ਹਨ ਅਤੇ ਭਾਰੀ ਗਿਣਤੀ ਵਿਚ ਐਨ-95 ਮਾਸਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਦੇਸ਼ ਨੂੰ ਕਾਫ਼ੀ ਕੁੱਝ ਸਿਖਾਇਆ ਹੈ।
ਭਾਰਤ ਅੰਦਰ 25 ਮਾਰਚ ਨੂੰ ਕੰਮ ਧੰਦੇ ਅਤੇ ਆਵਾਜਾਈ 'ਤੇ ਦੇਸ਼ਪੱਧਰੀ ਰੋਕ ਲਾ ਦਿਤੀ ਗਈ ਸੀ ਤਾਕਿ ਕਰੋਨਾ ਵਾਇਰਸ ਲਾਗ ਦੀ ਰੋਕਥਾਮ ਕੀਤੀ ਜਾ ਸਕੇ। ਇਸੇ ਤੀਜੇ ਗੇੜ ਨੂੰ 17 ਮਈ ਤਕ ਵਧਾ ਦਿਤਾ ਗਿਆ ਸੀ ਪਰ 20 ਅਪ੍ਰੈਲ ਤੋਂ ਕੰਮਕਾਜ 'ਚ ਕੁੱਝ ਢਿੱਲ ਦਿਤੀ ਗਈ ਸੀ। (ਏਜੰਸੀ)
ਸਥਾਨਕ ਉਤਪਾਦਨਾਂ ਨੂੰ ਮਹੱਤਵ ਦੇਣ 'ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਜ਼ਰੂਰਤ ਦੀਆਂ ਚੀਜ਼ਾਂ ਦੇ ਨਿਰਮਾਣ 'ਚ ਆਤਮਨਿਰਭਰ ਬਣਾਉਣ 'ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਸਥਾਨਕ ਪੱਧਰ 'ਤੇ ਬਣੇ ਉਤਪਾਦਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਅਤੇ ਇਨ੍ਹਾਂ ਦਾ ਪ੍ਰਚਾਰ ਕਰਨ ਦਾ ਸੰਦੇਸ਼ ਦਿਤਾ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਲੰਮੇ ਸਮੇਂ ਤਕ ਬਣਿਆ ਰਹੇਗਾ। ਅਜਿਹੇ 'ਚ ਲੋਕਾਂ ਨੂੰ ਇਸ ਦੇ ਨਾਲ ਹੀ ਰਹਿ ਕੇ ਜੀਣੀ ਸਿਖਣਾ ਪਵੇਗਾ। ਉਨ੍ਹਾਂ ਕਿਹਾ ਕਿ ਸਨੂੰ ਮਾਸਕ ਪਾਉਣੇ ਹੋਣਗੇ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਚਲਣਾ ਪਵੇਗਾ। ਪਰ ਅਜਿਹਾ ਕਰਦੇ ਹੋਏ ਸਾਨੂੰ ਅਪਣੇ ਟੀਚਿਆਂ ਨੂੰ ਵੀ ਨਹੀਂ ਛਡਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਸੰਕਟ ਤੋਂ ਬਚਣਾ ਵੀ ਹੈ ਅਤੇ ਅੱਗੇ ਵੀ ਵਧਣਾ ਹੈ।