
ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਵਿਦੇਸ਼ ਨੀਤੀ ਦਾ ਕੇਂਦਰ ਚੀਨ ਦਾ ਮੁਕਾਬਲਾ ਕਰਨ 'ਤੇ ਹੈ।
ਜਾਪਾਨ - ਜਾਪਾਨ ਦੇ ਸ਼ਹਿਰ ਹੀਰੋਸ਼ੀਮਾ 'ਚ 19 ਮਈ ਤੋਂ ਜੀ-7 ਦੇਸ਼ਾਂ ਦੀ ਬੈਠਕ ਹੋਵੇਗੀ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ 'ਚ ਚੀਨ ਦੇ ਵਧਦੇ ਆਰਥਿਕ ਪ੍ਰਭਾਵ 'ਤੇ ਚਰਚਾ ਕੀਤੀ ਜਾਵੇਗੀ। ਸਾਰੇ ਦੇਸ਼ ਇਸ ਸਬੰਧੀ ਬਿਆਨ ਵੀ ਜਾਰੀ ਕਰਨਗੇ। ਸਾਂਝੇ ਬਿਆਨ ਵਿਚ ਇਕ ਪੂਰਾ ਸੈਕਸ਼ਨ ਚੀਨ ਦੀ ਚੁਣੌਤੀ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਵੀ ਹੋਵੇਗਾ। ਇਸ ਦੇ ਨਾਲ ਹੀ ਇਸ ਵਾਰ ਜਾਰੀ ਕੀਤੇ ਗਏ ਬਿਆਨ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸਖ਼ਤ ਹੋਣਗੇ। ਇਸ ਬੈਠਕ 'ਚ ਜੀ-7 ਦੇਸ਼ਾਂ ਦੇ ਮੁਖੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ।
ਰਾਇਟਰਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਵਿਦੇਸ਼ ਨੀਤੀ ਦਾ ਕੇਂਦਰ ਚੀਨ ਦਾ ਮੁਕਾਬਲਾ ਕਰਨ 'ਤੇ ਹੈ। ਹਾਲਾਂਕਿ, ਡੋਨਾਲਡ ਟਰੰਪ ਨੇ ਵੀ ਜੀ-7 ਦੇ ਜ਼ਰੀਏ ਚੀਨ ਦੇ ਆਰਥਿਕ ਦਬਦਬੇ 'ਤੇ ਸਵਾਲ ਖੜ੍ਹੇ ਕੀਤੇ ਪਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਪਿਛਲੇ ਮਹੀਨੇ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਵੀ ਚੀਨ ਦਾ ਮੁੱਦਾ ਚੁੱਕਿਆ ਗਿਆ ਸੀ।
ਹੀਰੋਸ਼ੀਮਾ 'ਚ ਸ਼ੁਰੂ ਹੋਣ ਵਾਲੀ ਬੈਠਕ ਚੀਨ ਦੇ ਖਿਲਾਫ਼ G7 ਦੇਸ਼ਾਂ ਦੀ ਏਕਤਾ ਦੀ ਵੀ ਪਰਖ ਕਰੇਗੀ। ਦਰਅਸਲ, ਪਿਛਲੇ ਮਹੀਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਚੀਨ ਦੇ ਦੌਰੇ ਤੋਂ ਪਰਤਣ ਤੋਂ ਬਾਅਦ ਅਮਰੀਕਾ ਦੇ ਖਿਲਾਫ਼ ਜਾ ਕੇ ਇਕ ਚੀਨ ਨੀਤੀ ਦਾ ਸਮਰਥਨ ਕੀਤਾ ਸੀ। ਮੈਕਰੋਨ ਨੇ ਕਿਹਾ ਸੀ ਕਿ ਸਾਨੂੰ ਚੀਨ ਨਾਲ ਸਬੰਧਾਂ ਨੂੰ ਲੈ ਕੇ ਅਮਰੀਕੀ ਦਬਾਅ ਤੋਂ ਬਚਣਾ ਹੋਵੇਗਾ। ਅਜਿਹੇ 'ਚ ਫਰਾਂਸ ਜੀ-7 ਦੇਸ਼ਾਂ ਦੇ ਸਾਂਝੇ ਬਿਆਨ 'ਚ ਚੀਨ ਖਿਲਾਫ਼ ਬਿਆਨਬਾਜ਼ੀ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦਾ ਹੈ।
ਅਟਲਾਂਟਿਕ ਕੌਂਸਲ ਜੀਓ ਇਕਨਾਮਿਕ ਸੈਂਟਰ ਦੇ ਸੀਨੀਅਰ ਡਾਇਰੈਕਟਰ ਜੋਸ਼ ਲਿਪਸਕੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਸਮਝੌਤੇ ਦੇ ਹਿੱਸੇ ਵਜੋਂ ਸਾਰੇ ਦੇਸ਼ ਚੀਨ ਦੇ ਖਿਲਾਫ਼ ਸਖ਼ਤ ਕਦਮ ਚੁੱਕਣ। ਜਦੋਂ ਕਿ ਬਾਕੀ ਦੇਸ਼ ਇਸ ਮਾਮਲੇ ਵਿਚ ਅਮਰੀਕਾ ਜਿੰਨੀ ਦਿਲਚਸਪੀ ਨਹੀਂ ਦਿਖਾ ਰਹੇ ਹਨ। ਉਹ ਚੀਨ ਦੇ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ ਤੋਂ ਝਿਜਕਦੇ ਹਨ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਚੀਨ ਨੂੰ ਲੈ ਕੇ ਜ਼ਾਹਰ ਤੌਰ 'ਤੇ ਸਾਰੇ ਜੀ7 ਦੇਸ਼ਾਂ ਦੀ ਆਪਣੀ ਨੀਤੀ ਹੈ। ਇਸ ਦੇ ਬਾਵਜੂਦ, ਕੁਝ ਮਾਮਲਿਆਂ ਵਿਚ ਸਾਰੇ ਦੇਸ਼ ਸਹਿਮਤ ਹਨ।