
ਕਿਹਾ, ਰਾਏਬਰੇਲੀ ਮੇਰੀਆਂ ਦੋਹਾਂ ਮਾਵਾਂ ਦੀ ਕਰਮਭੂਮੀ ਹੈ, ਇਸ ਲਈ ਮੈਂ ਇੱਥੇ ਚੋਣ ਲੜਨ ਆਇਆ ਹਾਂ
ਰਾਏਬਰੇਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਗਿਆ ਕਿ ਉਹ ਵਿਆਹ ਕਦੋਂ ਕਰ ਰਹੇ ਹਨ। ਇਸ ਦੇ ਜਵਾਬ ’ਚ ਅਗਲੇ ਮਹੀਨੇ 54 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਰਾਹੁਲ ਨੇ ਕਿਹਾ, ‘‘ਹੁਣ ਜਲਦੀ ਹੀ ਕਰਨਾ ਪਵੇਗਾ।’’
ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਮਹਾਰਾਜਗੰਜ ਦੇ ਮੇਲਾ ਮੈਦਾਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬੈਠਕ ’ਚ ਅਪਣੇ ਸੰਬੋਧਨ ਦੀ ਸਮਾਪਤੀ ’ਤੇ ਰਾਹੁਲ ਗਾਂਧੀ ਨੇ ਅਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸਟੇਜ ’ਤੇ ਬੁਲਾਇਆ ਅਤੇ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਰਾਏਬਰੇਲੀ ’ਚ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਰਾਹੁਲ ਨੇ ਕਿਹਾ, ‘‘ਮੈਂ ਪੂਰੇ ਦੇਸ਼ ਦਾ ਦੌਰਾ ਕਰ ਰਿਹਾ ਹਾਂ ਅਤੇ ਮੇਰੀ ਭੈਣ ਨੇ ਇੱਥੇ ਮੋਰਚਾ ਸੰਭਾਲਿਆ ਹੋਇਆ ਹੈ। ਤੁਹਾਡਾ ਧੰਨਵਾਦ।’’ ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸਾਹਮਣੇ ਇਸ਼ਾਰਾ ਕਰਦਿਆਂ ਕਿਹਾ, ‘‘ਪਹਿਲਾਂ ਇਸ ਸਵਾਲ ਦਾ ਜਵਾਬ ਦਿਓ।’’ ਸਾਹਮਣੇ ਮੌਜੂਦ ਲੋਕਾਂ ’ਚੋਂ ਕਿਸੇ ਨੇ ਰਾਹੁਲ ਨੂੰ ਪੁਛਿਆ ਸੀ ਕਿ ਤੁਸੀਂ ਵਿਆਹ ਕਦੋਂ ਕਰ ਰਹੇ ਹੋ। ਇਸ ਦੇ ਜਵਾਬ ’ਚ ਰਾਹੁਲ ਨੇ ਕਿਹਾ, ‘‘ਹੁਣ ਜਲਦੀ ਹੀ ਕਰਨਾ ਪਵੇਗਾ।’’
ਸਾਡੇ ਪਰਵਾਰ ਨੇ ਹਮੇਸ਼ਾ ਰਾਏਬਰੇਲੀ ਦੇ ਹਿੱਤ ’ਚ ਕੰਮ ਕੀਤਾ : ਰਾਹੁਲ ਗਾਂਧੀ
ਰਾਏਬਰੇਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰਾਏਬਰੇਲੀ ਨੂੰ ਅਪਣੀ ਮਾਂ ਸੋਨੀਆ ਗਾਂਧੀ ਅਤੇ ਦਾਦੀ (ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ) ਦੀ ਕਰਮਭੂਮੀ ਦਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਨੇ ਹਮੇਸ਼ਾ ਇਸ ਸੰਸਦੀ ਹਲਕੇ ਦੇ ਹਿੱਤ ’ਚ ਕੰਮ ਕੀਤਾ ਹੈ ਅਤੇ ਇਸੇ ਲਈ ਉਹ ਇੱਥੋਂ ਚੋਣ ਲੜਨ ਆਏ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਅਤੇ ਅੰਬਾਨੀ ਦੇ ਹਿੱਤ ’ਚ ਕੰਮ ਕਰਦੇ ਹਨ।
ਰਾਏਬਰੇਲੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਮਹਾਰਾਜਗੰਜ ਦੇ ਮੇਲਾ ਮੈਦਾਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਸਾਡੇ ਪਰਵਾਰ ਨੇ ਹਮੇਸ਼ਾ ਰਾਏਬਰੇਲੀ ਸੰਸਦੀ ਹਲਕੇ ਦੇ ਹਿੱਤ ’ਚ ਕੰਮ ਕੀਤਾ ਹੈ।’’ ਰਾਹੁਲ ਗਾਂਧੀ ਨੇ ਅਪਣੀ ਛੋਟੀ ਭੈਣ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਰਾਏਬਰੇਲੀ ਹਲਕੇ ਦੇ ਗੁਰੂਬਖਸ਼ਗੰਜ (ਹਰਚੰਦਪੁਰ) ਵਿਖੇ ਸੇਵਾ ਸੰਕਲਪ ਸਭਾ ਨੂੰ ਵੀ ਸੰਬੋਧਨ ਕੀਤਾ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮਹਾਰਾਜਗੰਜ ’ਚ ਅਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਸ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਰਵਾਰ ਦੇ ਇੱਥੋਂ ਦੇ ਲੋਕਾਂ ਨਾਲ ਡੂੰਘੇ ਸਬੰਧ ਹਨ।
ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ 22-25 ਚੋਟੀ ਦੇ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ, ਜੋ ਸਾਲਾਂ ਤੋਂ ਮਨਰੇਗਾ ਤਹਿਤ ਅਲਾਟ ਕੀਤੇ ਗਏ ਪੈਸੇ ਦੇ ਬਰਾਬਰ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ, ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਸੀ।
ਗਾਂਧੀ ਪਰਵਾਰ ਦਾ ਗੜ੍ਹ ਮੰਨੀ ਜਾਣ ਵਾਲੀ ਰਾਏਬਰੇਲੀ ਸੀਟ ਦੀ ਨੁਮਾਇੰਦਗੀ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਰਦੇ ਸਨ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਗਰੀਬ ਪਰਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਅਜਿਹੇ ਹਰ ਪਰਵਾਰ ਦੀ ਇਕ ਔਰਤ ਦੇ ਬੈਂਕ ਖਾਤੇ ’ਚ ਸਾਲਾਨਾ ਇਕ ਲੱਖ ਜਾਂ 8,500 ਰੁਪਏ ਸਾਲਾਨਾ ਭੇਜੇ ਜਾਣਗੇ।
ਗਾਂਧੀ ਨੇ ਇਹ ਵੀ ਕਿਹਾ ਕਿ ‘ਇੰਡੀਆ’ ਗੱਠਜੋੜ ਸਰਕਾਰ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰੇਗੀ ਅਤੇ ਉਨ੍ਹਾਂ ਨੂੰ ਕਾਨੂੰਨੀ ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰੇਗੀ। ਉਨ੍ਹਾਂ ਦੁਹਰਾਇਆ ਕਿ ਰੱਖਿਆ ਬਲਾਂ ’ਚ ਥੋੜ੍ਹੀ ਮਿਆਦ ਦੀ ਭਰਤੀ ਦੀ ‘ਅਗਨੀਵੀਰ ਸਕੀਮ’ ਨੂੰ ਖਤਮ ਕੀਤਾ ਜਾਵੇਗਾ ਅਤੇ ਨੌਜੁਆਨਾਂ ਨੂੰ ਪੈਨਸ਼ਨ ਦੇ ਪ੍ਰਬੰਧਾਂ ਨਾਲ ਹਥਿਆਰਬੰਦ ਬਲਾਂ ’ਚ ਸਥਾਈ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਗਾਂਧੀ ਨੇ ਕਿਹਾ ਕਿ ਨੌਜੁਆਨਾਂ ਨੂੰ ਜਨਤਕ ਖੇਤਰ ਦੇ ਸੰਗਠਨਾਂ ਵਿਚ ਇਕ ਸਾਲ ਦੀ ਅਪ੍ਰੈਂਟਿਸਸ਼ਿਪ ਮਿਲੇਗੀ ਅਤੇ ਬਾਅਦ ਵਿਚ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਪੱਕੀ ਸਰਕਾਰੀ ਨੌਕਰੀ ਮਿਲੇਗੀ। ਰਾਏਬਰੇਲੀ ’ਚ ਪੰਜਵੇਂ ਪੜਾਅ ’ਚ 20 ਮਈ ਨੂੰ ਵੋਟਾਂ ਪੈਣਗੀਆਂ।