
ਸ਼ਾਮ 5 ਵਜੇ ਤਕ ਜੰਮੂ-ਕਸ਼ਮੀਰ ’ਚ ਸੱਭ ਤੋਂ ਘੱਟ 35.75 ਫੀ ਸਦੀ, ਜਦਕਿ ਪਛਮੀ ਬੰਗਾਲ ’ਚ ਸੱਭ ਤੋਂ ਵੱਧ (75.66 ਫੀ ਸਦੀ) ਵੋਟਿੰਗ ਦਰਜ ਕੀਤੀ ਗਈ
ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਅਤੇ ਪਛਮੀ ਬੰਗਾਲ ’ਚ ਹਿੰਸਾ ਦੀਆਂ ਘਟਨਾਵਾਂ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਪਿੰਡਾਂ ’ਚ ਚੋਣਾਂ ਦੇ ਬਾਈਕਾਟ ਦੀਆਂ ਖਬਰਾਂ ਦਰਮਿਆਨ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ ’ਤੇ ਸੋਮਵਾਰ ਨੂੰ ਸ਼ਾਮ 5 ਵਜੇ ਤਕ 62 ਫੀ ਸਦੀ ਤੋਂ ਵੱਧ ਵੋਟਿੰਗ ਹੋਈ।
ਜੰਮੂ-ਕਸ਼ਮੀਰ ’ਚ ਸੱਭ ਤੋਂ ਘੱਟ 35.75 ਫੀ ਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਪਛਮੀ ਬੰਗਾਲ ’ਚ ਸੱਭ ਤੋਂ ਵੱਧ (75.66 ਫੀ ਸਦੀ) ਵੋਟਿੰਗ ਦਰਜ ਕੀਤੀ ਗਈ। ਆਂਧਰਾ ਪ੍ਰਦੇਸ਼ ’ਚ 68.04 ਫੀ ਸਦੀ, ਬਿਹਾਰ ’ਚ 54.14 ਫੀ ਸਦੀ, ਝਾਰਖੰਡ ’ਚ 63.14 ਫੀ ਸਦੀ, ਮੱਧ ਪ੍ਰਦੇਸ਼ ’ਚ 68.01 ਫੀ ਸਦੀ, ਮਹਾਰਾਸ਼ਟਰ ’ਚ 52.49 ਫੀ ਸਦੀ, ਓਡੀਸ਼ਾ ’ਚ 62.96 ਫੀ ਸਦੀ, ਤੇਲੰਗਾਨਾ ’ਚ 61.16 ਫੀ ਸਦੀ ਅਤੇ ਉੱਤਰ ਪ੍ਰਦੇਸ਼ ’ਚ 56.35 ਫੀ ਸਦੀ ਵੋਟਿੰਗ ਹੋਈ।
ਹੈਦਰਾਬਾਦ ਤੋਂ ਭਾਜਪਾ ਉਮੀਦਵਾਰ ਕੇ. ਮਾਧਵੀ ਲਤਾ ਦੇ ਵਿਰੁਧ ਇਕ ਵੀਡੀਉ ਕਲਿੱਪ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਵੀਡੀਉ ’ਚ ਉਹ ਬੁਰਕਾ ਪਹਿਨੀਆਂ ਔਰਤ ਵੋਟਰਾਂ ਨੂੰ ਅਪਣਾ ਚਿਹਰਾ ਵਿਖਾਉਣ ਲਈ ਕਹਿੰਦੇ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਕੁੱਝ ਪਿੰਡਾਂ ’ਚ ਲੋਕਾਂ ਨੇ ਸੜਕਾਂ ਅਤੇ ਵਿਕਾਸ ਕਾਰਜਾਂ ਦੀ ਘਾਟ ਦੇ ਵਿਰੋਧ ’ਚ ਵੋਟਿੰਗ ਦਾ ਬਾਈਕਾਟ ਕੀਤਾ।
ਟੀ.ਡੀ.ਪੀ. ਅਤੇ ਵਾਈ.ਐਸ.ਆਰ.ਸੀ.ਪੀ. ਨੇ ਇਕ ਦੂਜੇ ’ਤੇ ਹਿੰਸਾ ਫੈਲਾਉਣ ਦਾ ਦੋਸ਼ ਲਾਇਆ
ਆਂਧਰਾ ਪ੍ਰਦੇਸ਼ ’ਚ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਅਤੇ ਵਾਈ.ਐਸ.ਆਰ.ਸੀ.ਪੀ. ਨੇ ਇਕ ਦੂਜੇ ’ਤੇ ਹਿੰਸਾ ਫੈਲਾਉਣ ਦਾ ਦੋਸ਼ ਲਾਇਆ, ਖਾਸ ਕਰ ਕੇ ਪਲਨਾਡੂ, ਕਡਾਪਾ ਅਤੇ ਅੰਨਮਾਇਆ ਜ਼ਿਲ੍ਹਿਆਂ ’ਚ। ਵਾਈ.ਐਸ.ਆਰ.ਸੀ.ਪੀ. ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਵਿਰੋਧੀ ਟੀ.ਡੀ.ਪੀ. ’ਤੇ ਵੇਮੁਰੂ, ਦਰਸੀ, ਇੱਛਾਪੁਰਮ, ਕੁੱਪਮ, ਮਾਚੇਰਲਾ, ਮਾਰਕਾਪੁਰਮ, ਪਾਲਕੋਂਡਾ ਅਤੇ ਪੇਡਾਕੁਰਾਪੋਡੂ ਸਮੇਤ ਕਈ ਵਿਧਾਨ ਸਭਾ ਹਲਕਿਆਂ ’ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।
ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਅਤੇ 25 ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ। ਵਾਈ.ਐਸ.ਆਰ.ਸੀ.ਪੀ. ਨੇ ਦੋਸ਼ ਲਾਇਆ ਕਿ ਟੀ.ਡੀ.ਪੀ. ਨੇਤਾਵਾਂ ਨੇ ਵੇਮੁਰੂ ਹਲਕੇ ਦੇ ਪੰਜ ਪੋਲਿੰਗ ਬੂਥਾਂ ’ਤੇ ਕਬਜ਼ਾ ਕਰ ਲਿਆ। ਪਾਰਟੀ ਨੇ ਵਾਧੂ ਪੁਲਿਸ ਫੋਰਸ ਅਤੇ ਤੁਰਤ ਕਾਰਵਾਈ ਦੀ ਬੇਨਤੀ ਕੀਤੀ। ਸੱਤਾਧਾਰੀ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਕੁੱਪਮ ਦੇ ਬੂਥ ਨੰਬਰ 57 ਦੇ ਪੋਲਿੰਗ ਅਧਿਕਾਰੀ ਨੇ ਵਿਰੋਧੀ ਟੀ.ਡੀ.ਪੀ. ਨੇਤਾਵਾਂ ਨਾਲ ਮਿਲੀਭੁਗਤ ਕੀਤੀ ਤਾਂ ਜੋ ਉਨ੍ਹਾਂ ਨੂੰ ਚੋਣਾਂ ’ਚ ਹੇਰਾਫੇਰੀ ਕਰਨ ਦੀ ਇਜਾਜ਼ਤ ਦਿਤੀ ਜਾ ਸਕੇ।
ਪੁਲਿਸ ਅਨੁਸਾਰ ਯੁਵਾਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈ.ਐਸ.ਆਰ.ਸੀ.ਪੀ.) ਦੇ ਨੇਤਾ ਅਤੇ ਤੇਨਾਲੀ ਦੇ ਵਿਧਾਇਕ ਏ ਸ਼ਿਵਕੁਮਾਰ ਨੇ ਹਲਕੇ ਦੇ ਇਕ ਪੋਲਿੰਗ ਬੂਥ ’ਤੇ ਵੋਟਰਾਂ ਨਾਲ ਬਹਿਸ ਤੋਂ ਬਾਅਦ ਇਕ ਵੋਟਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਰੇਲਵੇ ਕੋਡੂਰ ਵਿਧਾਨ ਸਭਾ ਹਲਕੇ ਦੇ ਦਲਵਾਈਪੱਲੀ ਪਿੰਡ ’ਚ ਇਕ ਈ.ਵੀ.ਐਮ. ਨੂੰ ਨਸ਼ਟ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਟੀ.ਡੀ.ਪੀ. ਦੇ ਵਰਕਰਾਂ ਦੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਮਯਦੁਰੂਕੂ ਵਿਧਾਨ ਸਭਾ ਹਲਕੇ ਦੇ ਨਕਲਦੀਨੇ ਪਿੰਡ ’ਚ ਟੀ.ਡੀ.ਪੀ. ਦੇ ਇਕ ਵਰਕਰ ’ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਵਾਈ.ਐਸ.ਆਰ.ਸੀ.ਪੀ. ਨੇ ਦੋਸ਼ ਲਾਇਆ ਕਿ ਪਾਰਟੀ ਵਰਕਰ ਸੁਰੇਸ਼ ਰੈਡੀ ਨੂੰ ਚਿਤੂਰ ਦੇ ਗੁਦੀਪਾਲ ਮੰਡਲ ਦੇ ਮੰਡੀ ਕ੍ਰਿਸ਼ਨਾਪੁਰਮ ਪਿੰਡ ’ਚ ਚਾਕੂ ਮਾਰਿਆ ਗਿਆ ਸੀ। ਪਾਰਟੀ ਨੇ ਦੋਸ਼ ਲਾਇਆ ਕਿ ਟੀ.ਡੀ.ਪੀ. ਸਮਰਥਕਾਂ ਨੇ ਦਰਸੀ ਹਲਕੇ ਦੇ ਅਰਵਲੀਪਾਡੂ ਵਿਖੇ ਪਾਰਟੀ ਮੈਂਬਰ ਬੀ. ਅੰਜੀ ਰੈੱਡੀ ’ਤੇ ਹਮਲਾ ਕੀਤਾ।
ਇਸ ਦੌਰਾਨ ਟੀ.ਡੀ.ਪੀ. ਮੁਖੀ ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਕਿ ਸੂਬੇ ’ਚ ਲੋਕਾਂ ਲਈ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੋਈ ਸ਼ਾਂਤੀਪੂਰਨ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਸਵੇਰ ਤੋਂ ਸਾਹਮਣੇ ਆਈਆਂ ਹਿੰਸਾ ਦੀਆਂ ਰੀਪੋਰਟਾਂ ਦੀ ਸਖ਼ਤ ਨਿੰਦਾ ਕਰਦਾ ਹਾਂ। ਵਾਈ.ਐਸ.ਆਰ.ਸੀ.ਪੀ. ਅਪਣੀਆਂ ਸਾਜ਼ਸ਼ਾਂ ਤਹਿਤ ਕੰਮ ਕਰ ਰਹੀ ਹੈ। ਸਥਾਨਕ ਪੁਲਿਸ ਅਧਿਕਾਰੀ ਮਾਚੇਰਲਾ ਹਲਕੇ ’ਚ ਹਿੰਸਾ ਨੂੰ ਰੋਕਣ ’ਚ ਅਸਫਲ ਰਹੇ।’’
ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਅਤੇ ਟੀ.ਡੀ.ਪੀ. ਵਰਕਰਾਂ ਵਿਚਕਾਰ ਝੜਪਾਂ
ਪਛਮੀ ਬੰਗਾਲ ਦੇ ਅੱਠ ਸੰਸਦੀ ਹਲਕਿਆਂ ’ਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ’ਚ ਹਿੰਸਾ ਦੀਆਂ ਕੁੱਝ ਘਟਨਾਵਾਂ ਕਾਰਨ ਬੀਰਭੂਮ ਅਤੇ ਬਰਧਮਾਨ-ਦੁਰਗਾਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਝੜਪਾਂ ਹੋਈਆਂ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਹੁਣ ਤਕ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਈ.ਵੀ.ਐਮ. ’ਚ ਗੜਬੜੀ ਅਤੇ ਵਰਕਰਾਂ ਨੂੰ ਬੂਥਾਂ ’ਚ ਦਾਖਲ ਹੋਣ ਤੋਂ ਰੋਕਣ ਦੀਆਂ 1,088 ਸ਼ਿਕਾਇਤਾਂ ਮਿਲੀਆਂ ਹਨ।
ਬਰਧਮਾਨ-ਦੁਰਗਾਪੁਰ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੇ ਕਾਫਲੇ ’ਤੇ ਦੋ ਥਾਵਾਂ ’ਤੇ ਪੱਥਰ ਸੁੱਟੇ ਗਏ। ਸੂਤਰਾਂ ਨੇ ਦਾਅਵਾ ਕੀਤਾ ਕਿ ਟੀ.ਐਮ.ਸੀ. ਵਰਕਰਾਂ ਨੇ ਘੋਸ਼ ਨਾਲ ਵੀ ਬੁਰਾ ਸਲੂਕ ਕੀਤਾ।
ਬੀਰਭੂਮ ਲੋਕ ਸਭਾ ਸੀਟ ਦੇ ਨਾਨੂਰ ’ਚ ਭਾਜਪਾ ਵਰਕਰਾਂ ਦੀ ਤ੍ਰਿਣਮੂਲ ਕਾਂਗਰਸ ਵਰਕਰਾਂ ਨਾਲ ਝੜਪ ਹੋ ਗਈ ਕਿਉਂਕਿ ਭਾਜਪਾ ਦੇ ਪੋਲਿੰਗ ਏਜੰਟਾਂ ਨੇ ਉਨ੍ਹਾਂ ਨੂੰ ਬੂਥ ’ਚ ਦਾਖਲ ਹੋਣ ਤੋਂ ਰੋਕ ਦਿਤਾ ਸੀ। ਕ੍ਰਿਸ਼ਨਾਨਗਰ ਹਲਕੇ ਦੇ ਛਪਰਾ ਖੇਤਰ ’ਚ ਵੀ ਤਣਾਅ ਪੈਦਾ ਹੋ ਗਿਆ ਕਿਉਂਕਿ ਟੀ.ਐਮ.ਸੀ. ਵਰਕਰਾਂ ਨੇ ਭਾਜਪਾ ਵਰਕਰਾਂ ਨੂੰ ਕਥਿਤ ਤੌਰ ’ਤੇ ਕੁੱਟਿਆ। ਭਾਜਪਾ ਉਮੀਦਵਾਰ ਅੰਮ੍ਰਿਤਾ ਰਾਏ ਦੋ ਜ਼ਖਮੀਆਂ ਨੂੰ ਲੈ ਕੇ ਛਪਰਾ ਥਾਣੇ ਪਹੁੰਚੀ। ਟੀ.ਐਮ.ਸੀ. ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੂਤਰਾਂ ਨੇ ਦਸਿਆ ਕਿ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਕਾਂਗਰਸ-ਸੀ.ਪੀ.ਆਈ. (ਐਮ) ਗੱਠਜੋੜ ਨੇ ਵੋਟਿੰਗ ਦੇ ਪਹਿਲੇ ਕੁੱਝ ਘੰਟਿਆਂ ’ਚ ਚੋਣ ਹਿੰਸਾ, ਵੋਟਰਾਂ ਨੂੰ ਧਮਕਾਉਣ ਅਤੇ ਚੋਣ ਏਜੰਟਾਂ ’ਤੇ ਹਮਲੇ ਦੀਆਂ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ।
ਓਡੀਸ਼ਾ ’ਚ ਕਈ ਥਾਵਾਂ ’ਤੇ ਈ.ਵੀ.ਐਮ. ਮਸ਼ੀਨਾਂ ਖਰਾਬ
ਓਡੀਸ਼ਾ ’ਚ ਵੀ ਕਈ ਥਾਵਾਂ ’ਤੇ ਈ.ਵੀ.ਐਮ. ’ਚ ਖਰਾਬੀ ਦੀਆਂ ਖ਼ਬਰਾਂ ਆਈਆਂ ਸਨ। ਇਕ ਅਧਿਕਾਰੀ ਨੇ ਦਸਿਆ ਕਿ ਹੁਣ ਤਕ 65 ਬੈਲਟ ਯੂਨਿਟ (ਬੀ.ਯੂ.), 83 ਕੰਟਰੋਲ ਯੂਨਿਟ (ਸੀ.ਯੂ.) ਅਤੇ 110 ਵੀ.ਵੀ.ਪੈਟ. ਬਦਲੇ ਗਏ ਹਨ। ਜ਼ਿਆਦਾਤਰ ਯੂਨਿਟਾਂ ਨੂੰ ਸਵੇਰੇ 7 ਵਜੇ ਅਸਲ ਵੋਟਿੰਗ ਤੋਂ ਪਹਿਲਾਂ ਅਭਿਆਸ ਦੌਰਾਨ ਹੀ ਬਦਲ ਦਿਤਾ ਗਿਆ ਸੀ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨਿਕੁੰਜ ਬਿਹਾਰੀ ਢੱਲ ਨੇ ਦਸਿਆ ਕਿ ਕਮਿਸ਼ਨ ਨੇ ਡਿਊਟੀ ’ਚ ਲਾਪਰਵਾਹੀ ਵਰਤਣ ਲਈ ਓਡੀਸ਼ਾ ’ਚ ਦੋ ਪੋਲਿੰਗ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ।
ਇਹੀ ਨਹੀਂ ਗੁਆਂਢੀ ਝਾਰਖੰਡ ’ਚ ਮਾਉਵਾਦੀਆਂ ਨੇ ਪਛਮੀ ਸਿੰਘਭੂਮ ਜ਼ਿਲ੍ਹੇ ਦੇ ਦੂਰ-ਦੁਰਾਡੇ ਸੋਨਾਪੀ ਅਤੇ ਮੋਰਾਂਗਪੋਂਗਾ ਇਲਾਕਿਆਂ ਨੂੰ ਜਾਣ ਵਾਲੀ ਸੜਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਕ ਦਰੱਖਤ ਕੱਟ ਕੇ ਵੋਟਰਾਂ ਦੀ ਪੋਲਿੰਗ ਸਟੇਸ਼ਨਾਂ ਤਕ ਪਹੁੰਚ ਨੂੰ ਰੋਕ ਦਿਤਾ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿਤਾ।
ਜੰਮੂ-ਕਸ਼ਮੀਰ ’ਚ ਸ਼੍ਰੀਨਗਰ ਲੋਕ ਸਭਾ ਸੀਟ ’ਤੇ ਵੋਟਿੰਗ ਸ਼ਾਂਤੀਪੂਰਨ ਰਹੀ, ਜਿੱਥੇ ਅਬਦੁੱਲਾ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਵੋਟ ਪਾਈ। ਤੇਲੰਗਾਨਾ ਦੀਆਂ 17, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡੀਸ਼ਾ ਦੀਆਂ 4, ਪਛਮੀ ਬੰਗਾਲ ਦੀਆਂ 8 ਅਤੇ ਜੰਮੂ-ਕਸ਼ਮੀਰ ਦੀਆਂ 1 ਸੀਟਾਂ ’ਤੇ ਵੋਟਿੰਗ ਹੋਈ।
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਕ 543 ’ਚੋਂ 283 ਸੀਟਾਂ ’ਤੇ ਵੋਟਿੰਗ ਹੋ ਚੁਕੀ ਹੈ। ਅੱਜ ਦੇ ਗੇੜ ਤੋਂ ਬਾਅਦ 379 ਸੀਟਾਂ ’ਤੇ ਵੋਟਿੰਗ ਪੂਰੀ ਹੋ ਜਾਵੇਗੀ। ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ’ਚ ਲੜੀਵਾਰ 66.14 ਫੀ ਸਦੀ, 66.71 ਫੀ ਸਦੀ ਅਤੇ 65.68 ਫੀ ਸਦੀ ਵੋਟਿੰਗ ਹੋਈ ਸੀ। ਅਗਲੇ ਤਿੰਨ ਪੜਾਵਾਂ ਲਈ ਵੋਟਾਂ 20 ਮਈ, 25 ਮਈ ਅਤੇ 1 ਜੂਨ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਵਾਈ.ਐਸ.ਆਰ.ਸੀ.ਪੀ. ਦੇ ਵਿਧਾਇਕ ਦੀ ਗੁੰਡਾਗਰਦੀ, ਪਹਿਲਾਂ ਕਤਾਰ ਤੋੜੀ, ਫਿਰ ਵਿਰੋਧ ਕਰਨ ਵਾਲੇ ਵੋਟਰ ਨੂੰ ਥੱਪੜ ਮਾਰਿਆ
ਤੇਨਾਲੀ (ਆਂਧਰਾ ਪ੍ਰਦੇਸ਼): ਸੱਤਾਧਾਰੀ ਯੁਵਾਜਨ ਸ੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈ.ਐਸ.ਆਰ.ਸੀ.ਪੀ.) ਦੇ ਵਿਧਾਇਕ ਨੇ ਸੋਮਵਾਰ ਨੂੰ ਇੱਥੇ ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਕਤਾਰ ’ਚ ਖੜੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿਤਾ। ਹਾਲਾਂਕਿ, ਜਵਾਬ ’ਚ ਉਕਤ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਵੀ ਮਾਰਿਆ।
ਵਿਧਾਇਕ ਨੇ ਉਸ ਵਿਅਕਤੀ ਨੂੰ ਥੱਪੜ ਮਾਰਿਆ ਜਿਸ ਨੇ ਉਸ ਨੂੰ ਕਤਾਰ ਤੋੜਨ ਲਈ ਸਵਾਲ ਕੀਤਾ ਸੀ। ਇਹ ਘਟਨਾ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਵਿਖੇ ਵਾਪਰੀ ਜਦੋਂ ਵਾਈ.ਐਸ.ਆਰ.ਸੀ.ਪੀ. ਦੇ ਸਥਾਨਕ ਵਿਧਾਇਕ ਏ. ਸ਼ਿਵ ਕੁਮਾਰ ਨੇ ਕਤਾਰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਇਕ ਵੋਟਰ ਨੇ ਉਸ ਨੂੰ ਇਤਰਾਜ਼ ਕੀਤਾ। ਪੁਲਿਸ ਨੇ ਦਸਿਆ ਕਿ ਗੁੱਸੇ ’ਚ ਆਏ ਵਿਧਾਇਕ ਨੇ ਇਸ ਨੂੰ ਲੈ ਕੇ ਵਿਅਕਤੀ ਨੂੰ ਥੱਪੜ ਮਾਰਿਆ। ਜਵਾਬ ’ਓ ਉਕਤ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਮਾਰ ਦਿਤਾ। ਹਾਲਾਂਕਿ ਵਿਧਾਇਕ ਨੂੰ ਥੱਪੜ ਮਾਰਨ ਤੋਂ ਨਾਰਾਜ਼ ਉਸ ਦੇ ਸਮਰਥਕਾਂ ਨੇ ਉਸ ਵਿਅਕਤੀ ’ਤੇ ਅਪਣਾ ਗੁੱਸਾ ਕਢਿਆ।
ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਨੇ ਇਸ ਘਟਨਾ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਕਰਨ ਦੀ ਪ੍ਰਕਿਰਿਆ ’ਚ ਹੈ।
ਇੰਦੌਰ : ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ 32 ਸਾਲ ਦੀ ਗੁਰਦੀ ਕੌਰ ਨੇ ਪਾਈ ਵੋਟ
ਇੰਦੌਰ (ਮੱਧ ਪ੍ਰਦੇਸ਼): ਇੰਦੌਰ ਦੀ ਰਹਿਣ ਵਾਲੀ 32 ਸਾਲ ਦੀ ਗੁਰਦੀਪ ਕੌਰ ਵਾਸੂ ਨਾ ਤਾਂ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ ਅਤੇ ਨਾ ਹੀ ਵੇਖ ਸਕਦੀ ਹੈ ਪਰ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਤੋਂ ਬਾਅਦ ਉਸ ਦੇ ਚਿਹਰੇ ’ਤੇ ਖੁਸ਼ੀ ਸਾਫ ਪੜ੍ਹੀ ਜਾ ਸਕਦੀ ਹੈ। ਗੁਰਦੀਪ ਇੰਦੌਰ ਦੇ 25.27 ਲੱਖ ਵੋਟਰਾਂ ਵਿਚੋਂ ਸੱਭ ਤੋਂ ਵਿਲੱਖਣ ਹੈ। ਉਸ ਨੇ ਅਪਣੀ ਜ਼ਿੰਦਗੀ ’ਚ ਦੂਜੀ ਵਾਰ ਪੋਲਿੰਗ ਬੂਥ ’ਤੇ ਪਹੁੰਚਣ ਲਈ ਸਰੀਰਕ ਚੁਨੌਤੀਆਂ ਨੂੰ ਪਾਰ ਕੀਤਾ।
ਗੁਰਦੀਪ ਦੀ ਮਾਂ ਮਨਜੀਤ ਕੌਰ ਵਾਸੂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਨੇ ਵੈਸ਼ਾਲੀ ਨਗਰ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਈ ਅਤੇ ਉਹ ਇਸ ’ਚ ਮਦਦ ਲਈ ਉਹ ਉਸ ਦੇ ਨਾਲ ਗਈ ਸੀ। ਉਨ੍ਹਾਂ ਕਿਹਾ, ‘‘ਗੁਰਦੀਪ ਸੋਮਵਾਰ ਸਵੇਰ ਤੋਂ ਹੀ ਬਹੁਤ ਖੁਸ਼ ਸੀ ਕਿ ਉਸ ਨੂੰ ਵੋਟ ਪਾਉਣ ਜਾਣਾ ਪਿਆ। ਵੋਟ ਪਾਉਣ ਤੋਂ ਬਾਅਦ ਉਸ ਦੀ ਖੁਸ਼ੀ ਦੁੱਗਣੀ ਹੋ ਗਈ।’’
ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਨਵੰਬਰ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਅਪਣੀ ਜ਼ਿੰਦਗੀ ’ਚ ਪਹਿਲੀ ਵਾਰ ਵੋਟ ਪਾਈ ਸੀ। ਉਨ੍ਹਾਂ ਦਸਿਆ ਕਿ ਗੁਰਦੀਪ ਦਾ ਨਾਮ ਪਿਛਲੇ ਸਾਲ ਹੀ ਵੋਟਰ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ।
ਗੁਰਦੀਪ ਪਿਛਲੇ ਸਾਲ ਮਈ ’ਚ ਵੀ ਸੁਰਖੀਆਂ ’ਚ ਆਈ ਸੀ ਜਦੋਂ ਉਸ ਨੇ ਮੱਧ ਪ੍ਰਦੇਸ਼ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਲਿਆ 10ਵੀਂ ਦਾ ਇਮਤਿਹਾਨ ਇਕ ਪਾਸ ਕੀਤਾ ਸੀ। ਅਧਿਕਾਰੀਆਂ ਮੁਤਾਬਕ ਮੰਡਲ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ ਜਦੋਂ ਬੋਲਣ, ਸੁਣਨ ਜਾਂ ਵੇਖ ਨਾ ਸਕਣ ਵਾਲੇ ਉਮੀਦਵਾਰ ਨੇ ਹਾਈ ਸਕੂਲ ਸਰਟੀਫਿਕੇਟ ਇਮਤਿਹਾਨ ਪਾਸ ਕੀਤਾ।
ਅਧਿਕਾਰੀਆਂ ਨੇ ਦਸਿਆ ਕਿ ਗੁਰਦੀਪ ਦੀ ਵਿਸ਼ੇਸ਼ ਹਾਲਤ ਨੂੰ ਧਿਆਨ ’ਚ ਰਖਦੇ ਹੋਏ ਸੈਕੰਡਰੀ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਉਸ ਨੂੰ ਸੰਕੇਤਕ ਭਾਸ਼ਾ ਦਾ ਜਾਣਕਾਰ ਸਹਾਇਕ ਲੇਖਕ ਮੁਹਈਆ ਕਰਵਾਇਆ ਗਿਆ ਸੀ।
ਸਾਬਕਾ ਹਵਾਈ ਫ਼ੌਜ ਮੁਖੀ ਨੇ ਵੋਟਰ ਸੂਚੀ ’ਚ ਪਤਨੀ ਦਾ ਨਾਂ ਨਾ ਹੋਣ ’ਤੇ ਨਿਰਾਸ਼ਾ ਜ਼ਾਹਰ ਕੀਤੀ
ਪੁਣੇ: ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ ਨੇ ਵੋਟਿੰਗ ਦੌਰਾਨ ਅਪਣੀ ਪਤਨੀ ਮਧੂਬਾਲਾ ਦਾ ਨਾਂ ਵੋਟਰ ਸੂਚੀ ’ਚ ਨਾ ਹੋਣ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਏਅਰ ਚੀਫ ਮਾਰਸ਼ਲ ਨਾਇਕ (75) ਅਪਣੀ ਪਤਨੀ ਅਤੇ ਬੇਟੇ ਵਿਨੀਤ (43) ਨਾਲ ਸੋਮਵਾਰ ਸਵੇਰੇ ਸ਼ਹਿਰ ਦੇ ਪੋਲਿੰਗ ਸਕੂਲ ਬਨੇਰ ਰੋਡ ’ਤੇ ਪੋਲਿੰਗ ਬੂਥ ਨੰਬਰ 26 ’ਤੇ ਵੋਟ ਪਾਉਣ ਗਏ ਸਨ।
ਉਨ੍ਹਾਂ ਨੇ ਇਕ ਇੰਟਰਵਿਊ ’ਚ ਦਾਅਵਾ ਕੀਤਾ, ‘‘ਮੈਂ ਅਤੇ ਮੇਰੇ ਬੇਟੇ ਨੇ ਵੋਟ ਪਾਈ ਪਰ ਮੇਰੀ 72 ਸਾਲ ਦੀ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਕੱਟ ਦਿਤਾ ਗਿਆ। ਜਦੋਂ ਅਸੀਂ ਇਹ ਗੱਲ ਉਥੇ ਮੌਜੂਦ ਅਧਿਕਾਰੀ ਦੇ ਧਿਆਨ ਵਿਚ ਲਿਆਂਦੀ ਤਾਂ ਉਸ ਨੇ ਕਿਹਾ ਕਿ ਉਹ ਕੋਈ ਮਦਦ ਨਹੀਂ ਕਰ ਸਕਦਾ।’’ ਸਾਬਕਾ ਹਵਾਈ ਫੌਜ ਮੁਖੀ ਨੇ ਕਿਹਾ, ‘‘ਅਸੀਂ ਨਿਰਾਸ਼ ਹਾਂ। ਅਜਿਹੇ ਕਈ ਨਾਵਾਂ ਨੂੰ ਸੂਚੀ ਤੋਂ ਹਟਾ ਦਿਤਾ ਗਿਆ ਹੈ। ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ।’’
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੁਣੇ ਸੰਸਦੀ ਹਲਕੇ ਤੋਂ ਸਾਬਕਾ ਮੇਅਰ ਮੁਰਲੀਧਰ ਮੋਹੋਲ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਵਿੰਦਰ ਧਾਂਗੇਕਰ ਨਾਲ ਹੈ, ਜਿਨ੍ਹਾਂ ਨੇ ਪਿਛਲੇ ਸਾਲ ਕਸਬਾ ਵਿਧਾਨ ਸਭਾ ਉਪ ਚੋਣ ’ਚ ਭਾਜਪਾ ਉਮੀਦਵਾਰ ਨੂੰ ਹਰਾਇਆ ਸੀ।
ਅਬਦੁੱਲਾ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਸ੍ਰੀਨਗਰ ’ਚ ਪਾਈ ਵੋਟ
ਸ਼੍ਰੀਨਗਰ: ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ ’ਤੇ ਅਬਦੁੱਲਾ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਸੋਮਵਾਰ ਨੂੰ ਵੋਟ ਪਾਈ। ਇਸ ਮੌਕੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਅਤੇ ਪੋਤੇ ਜ਼ਹੀਰ ਅਤੇ ਜ਼ਮੀਰ ਨੇ ਇੱਥੇ ਬਰਨ ਹਾਲ ਸਕੂਲ ਸਥਿਤ ਪੋਲਿੰਗ ਬੂਥ ’ਤੇ ਵੋਟ ਪਾਈ। ਜ਼ਹੀਰ ਅਤੇ ਜ਼ਹੀਰ ਨੇ ਪਹਿਲੀ ਵਾਰ ਵੋਟ ਪਾਈ।
ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘‘ਸਾਡੇ ਨਾਲ ਪਹਿਲੀ ਵਾਰ ਵੋਟ ਪਾਉਣ ਵਾਲੇ ਦੋ ਵੋਟਰ ਹਨ। ਇਹ ਪਹਿਲੀ ਵਾਰ ਹੈ ਜਦੋਂ ਸਾਡੇ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਇਕੱਠੇ ਵੋਟ ਪਾ ਰਹੀਆਂ ਹਨ।’’ 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਬਦੁੱਲਾ ਪਰਵਾਰ ਦਾ ਕੋਈ ਮੈਂਬਰ ਸ਼੍ਰੀਨਗਰ ਤੋਂ ਲੋਕ ਸਭਾ ਚੋਣ ਨਹੀਂ ਲੜ ਰਿਹਾ ਹੈ। ਨੈਸ਼ਨਲ ਕਾਨਫਰੰਸ ਨੂੰ ਇਸ ਸੀਟ ’ਤੇ 2014 ਦੀਆਂ ਆਮ ਚੋਣਾਂ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼੍ਰੀਨਗਰ ਸਮੇਤ ਕਸ਼ਮੀਰ ਦੀਆਂ ਤਿੰਨ ਲੋਕ ਸਭਾ ਸੀਟਾਂ ਵਿਚੋਂ ਇਕ ਵੀ ਚੋਣ ਨਹੀਂ ਲੜ ਰਹੀ ਹੈ। ਭਾਜਪਾ ਨੂੰ ਭਰੋਸਾ ਹੈ ਕਿ ਵਾਦੀ ਦੀਆਂ ਚੋਣਾਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦਾ ਦਬਦਬਾ ਖਤਮ ਕਰ ਦੇਣਗੀਆਂ।
ਵਿਰੋਧੀ ਗੱਠਜੋੜ ਇੰਡੀਆ ਦੀ ਹਮਾਇਤ ਵਾਲੀ ਨੈਸ਼ਨਲ ਕਾਨਫਰੰਸ ਨੇ ਪ੍ਰਭਾਵਸ਼ਾਲੀ ਸ਼ੀਆ ਨੇਤਾ ਅਤੇ ਸਾਬਕਾ ਮੰਤਰੀ ਆਗਾ ਰੁਹੋਲਾਹ ਮਹਿਦੀ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੇ ਅਪਣੇ ਯੂਥ ਵਿੰਗ ਦੇ ਪ੍ਰਧਾਨ ਵਹੀਦ ਪਾਰਾ ਨੂੰ ਮੈਦਾਨ ਵਿਚ ਉਤਾਰਿਆ ਹੈ।