
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ ਕਿ ਮੰਤਰੀ ਅਹੁਦਾ ਨਾ ਮਿਲਣ ਕਾਰਨ ਕਾਂਗਰਸ ਅੰਦਰ ਕੋਈ ਨਾਰਾਜ਼ਗੀ ਨਹੀਂ ਅਤੇ ਵਿਸ਼ਵਾਸ ਪ੍ਰਗਟ...
ਬੰਗਲੌਰੂ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ ਕਿ ਮੰਤਰੀ ਅਹੁਦਾ ਨਾ ਮਿਲਣ ਕਾਰਨ ਕਾਂਗਰਸ ਅੰਦਰ ਕੋਈ ਨਾਰਾਜ਼ਗੀ ਨਹੀਂ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਦਾ ਕੋਈ ਵੀ ਵਿਧਾਇਕ ਭਾਜਪਾ ਨਾਲ ਹੱਥ ਨਹੀਂ ਮਿਲਾਏਗਾ। ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਪ੍ਰਤੀ ਆਸਵੰਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿਧਾਰਮਈਆ ਨੇ ਕਿਹਾ, 'ਅਜਿਹਾ ਕੋਈ ਨਹੀਂ ਹੈ ਜੋ ਨਾਰਾਜ਼ ਹੈ।
ਹੁਣ ਸਾਰੇ ਸੰਤੁਸ਼ਟ ਹਨ।' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਮ ਬੀ ਪਾਟਿਲ ਸਮੇਤ ਮੰਤਰੀ ਨਾ ਬਣਨ ਕਾਰਨ ਨਾਖ਼ੁਸ਼ ਹਰ ਵਿਅਕਤੀ ਨਾਲ ਗੱਲ ਕੀਤੀ ਹੈ ਅਤੇ ਭਾਜਪਾ ਵਿਧਾਇਕਾਂ ਨੂੰ ਲਾਲਚ ਦੇਣ ਦੀ ਕਿੰਨੀ ਹੀ ਕੋਸ਼ਿਸ਼ ਕਿਉਂ ਨਾ ਕਰ ਲਵੇ, ਕੋਈ ਉਸ ਨਾਲ ਨਹੀਂ ਜਾਵੇਗਾ। ਦਰਅਸਲ ਛੇ ਜੂਨ ਦੇ ਮੰਤਰੀ ਮੰਡਲ ਵਿਸਤਾਰ ਵਿਚ ਜਗ੍ਹਾ ਨਾ ਮਿਲਣ ਕਾਰਨ ਨਵੇਂ ਕਾਂਗਰਸ ਵਿਧਾਇਕ ਨਾਰਾਜ਼ ਹਨ। ਕਈਆਂ ਨੇ ਖੁਲ੍ਹ ਕੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਵਖਰੀਆਂ ਬੈਠਕਾਂ ਵੀ ਕੀਤੀਆਂ ਸਨ ਪਰ ਪਿਛਲੇ ਦੋ ਦਿਨਾਂ ਅੰਦਰ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਪਾਰਟੀ ਦੀ ਕੋਸ਼ਿਸ਼ ਰੰਗ ਲਿਆਈ ਹੈ ਅਤੇ ਮਾਹੌਲ ਸ਼ਾਂਤ ਹੋਇਆ।
ਸੂਬਾ ਭਾਜਪਾ ਪ੍ਰਧਾਨ ਬੀ ਐਸ ਯੇਦੀਯੁਰੱਪਾ ਦੇ ਇਸ ਬਿਆਨ ਕਿ ਕਈ ਕਾਂਗਰਸ ਆਗੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਦੇ ਇੱਛੁਕ ਹਨ, ਸਿਧਾਰਮਈਆ ਨੇ ਕਿਹਾ, 'ਉਨ੍ਹਾਂ ਨੂੰ ਖ਼ੁਦ ਹੀ ਪਤਾ ਨਹੀਂ ਕਿ ਉਹ ਕੀ ਬੋਲ ਰਹੇ ਹਨ? ਗਠਜੋੜ ਸਰਕਾਰ ਦੀ ਤਾਲਮੇਲ ਕਮੇਟੀ ਨੇ ਕਿਹਾ ਕਿ ਏਜੰਡਾ ਹੁਣ ਤਕ ਤਿਆਰ ਨਹੀਂ ਹੋਇਆ।
ਨਵੇਂ ਪ੍ਰਦੇਸ਼ ਪ੍ਰਧਾਨ ਬਾਰੇ ਸਿਧਾਰਮਈਆ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿਚ ਰਾਹੁਲ ਨਾਲ ਗੱਲ ਨਹੀਂ ਕੀਤੀ, ਇਥੇ ਕੰਮ ਪੂਰਾ ਕਰਨ ਮਗਰੋਂ ਇਸ ਸਬੰਧ ਵਿਚ ਨਵੀਂ ਦਿੱਲੀ ਜਾਣਗੇ। (ਏਜੰਸੀ)