
ਦੋ ਜਣੇ ਰਹੇ ਪਹਿਲੇ ਨੰਬਰ ’ਤੇ, ਪਾਸ ਕਰਨ ਵਾਲਿਆਂ ’ਚ ਸਭ ਤੋਂ ਵੱਧ ਵਿਦਿਆਰਥੀ ਉੱਤਰ ਪ੍ਰਦੇਸ਼ ਤੋਂ ਹਨ
ਨਵੀਂ ਦਿੱਲੀ: ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ ਕਰਵਾਈ ਜਾਂਦੇ ਇਮਤਿਹਾਨ ਨੀਟ-ਯੂ.ਜੀ. ਦਾ ਨਤੀਜੇ ਐਲਾਨ ਦਿਤਾ ਗਿਆ ਹੈ।
ਨੈਸ਼ਨਲ ਟੈਸਟਿੰਗ ਏਜੰਸੀ ਨੇ ਅਪਣੇ ਐਲਾਨ ’ਚ ਕਿਹਾ ਕਿ ਤਾਮਿਲਨਾਡੂ ਦੇ ਪ੍ਰਬੰਜਨ ਜੇ. ਅਤੇ ਆਂਧਰ ਪ੍ਰਦੇਸ਼ ਦੇ ਬੋਰਾ ਵਰੁਣ ਚੱਕਰਵਰਤੀ ਨੇ 99.99 ਪਰਸੈਂਟਾਈਲ ਦੇ ਨਾਲ ਨੀਟ ਇਮਤਿਹਾਨ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਲਗਭਗ 20.38 ਲੱਖ ’ਚੋਂ ਕੁਲ 11.45 ਲੱਖ ਪ੍ਰੀਖਿਆਰਥੀਆਂ ਨੇ ਇਮਤਿਹਾਨ ਪਾਸ ਕੀਤਾ ਹੈ। ਨਤੀਜਿਆਂ ਨੂੰ neet.nta.nic.in ’ਤੇ ਵੇਖਿਆ ਜਾ ਸਕਦਾ ਹੈ।
ਨੀਟ 2023 ਪਾਸ ਕਰਨ ਵਾਲਿਆਂ ’ਚ ਸਭ ਤੋਂ ਵੱਧ ਵਿਦਿਆਰਥੀ ਉੱਤਰ ਪ੍ਰਦੇਸ਼ (1.39 ਲੱਖ ਤੋਂ ਹਨ। ਇਸ ਤੋਂ ਬਾਅਦ ਮਹਾਰਾਸ਼ਟਰ (1.31 ਲੱਖ) ਅਤੇ ਫਿਰ ਰਾਜਸਥਾਨ (1 ਲੱਖ ਤੋਂ ਵੱਧ) ਦਾ ਨੰਬਰ ਹੈ।
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇਸ਼ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਹਨ, ਜਦਕਿ ਰਾਜਸਥਾਨ ਵੀ ਵਸੋਂ ਦੇ ਮਾਮਲੇ ’ਚ ਦੋ ਸਿਖਰਲੇ ਦਸ ਸੂਬਿਆਂ ’ਚੋਂ ਆਉਂਦਾ ਹੈ। ਐਨ.ਟੀ.ਏ. ਨੇ 7 ਮਈ ਨੂੰ ਭਾਰਤ ਦੇ 499 ਸ਼ਹਿਰਾਂ ਅਤੇ ਦੂਜੇ ਦੇਸ਼ਾਂ ਦੇ 14 ਸ਼ਹਿਰਾਂ ’ਚ ਸਥਿਤ 4097 ਕੇਂਦਰਾਂ ’ਤੇ ਇਹ ਇਮਤਿਹਾਨ ਲਿਆ ਸੀ।
ਐਨ.ਟੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਇਮਤਿਹਾਨ ’ਚ ਨਕਲ ਕਰਨ ਵਾਲੇ 7 ਉਮੀਦਵਾਰਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਨਿਯਮਾਂ ਮੁਤਾਬਕ ਨਿਪਟਾਇਆ ਗਿਆ।’’
ਇਮਤਿਹਾਨ 13 ਭਾਸ਼ਾਵਾਂ ਅਸਮੀਆ, ਬਾਂਗਲਾ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮੱਲਿਆਲਮ, ਮਰਾਠੀ, ਓਡਿਸਾ, ਪੰਜਾਬੀ, ਤਮਿਲ, ਤੇਲੁਗੁ ਅਤੇ ਉਰਦੂ ’ਚ ਲਿਆ ਗਿਆ ਸੀ।