
ਕੋਰੋਨਾਵਾਇਰਸ ਕਾਰਨ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਹਾਲਾਤ ਵਿਗੜ ਗਏ ਹਨ।
ਹਾਵੜਾ, 12 ਜੁਲਾਈ : ਕੋਰੋਨਾਵਾਇਰਸ ਕਾਰਨ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਹਾਲਾਤ ਵਿਗੜ ਗਏ ਹਨ। ਇਸ ਦੇ ਬਾਵਜੂਦ ਲੋਕ ਅਜੇ ਵੀ ਦੂਸਰੇ ਸ਼ਹਿਰਾਂ ਤੋਂ ਅਪਣੇ ਪਿੰਡਾਂ ਨੂੰ ਪਰਤ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇਕ ਘਟਨਾ ਪਛਮੀ ਬੰਗਾਲ ਦੇ ਹਾਵੜਾ ਵਿਚ ਸਾਹਮਣੇ ਆਈ ਹੈ। ਇਥੇ ਰਹਿਣ ਵਾਲੇ ਮਹੂਆ ਮੁਖ਼ਰਜੀ ਅਤੇ ਉਸ ਦਾ ਬੇਟਾ ਰੋਹਿਤ ਦਿੱਲੀ ਤੋਂ ਵਾਪਸ ਪਿੰਡ ਪਰਤੇ ਸਨ ਪਰ ਲੋਕਾਂ ਨੇ ਉਸ ਨੂੰ ਘਰ ਜਾਣ ਤੋਂ ਰੋਕ ਦਿਤਾ। ਇਸ ਕਾਰਨ ਉਸ ਨੂੰ ਸਾਰੀ ਰਾਤ ਸ਼ਮਸ਼ਾਨਘਾਟ ਵਿਚ ਬਤੀਤ ਕਰਨੀ ਪਈ। ਲੋਕਾਂ ਨੇ ਕਿਹਾ ਕਿ ਜੇ ਉਹ ਦਿੱਲੀ ਤੋਂ ਆਏ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਹੋ ਸਕਦੀ ਹੈ।
File Photo
ਦਰਅਸਲ ਮਹੂਆ ਮੁਖ਼ਰਜੀ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਉਹ ਅਤੇ ਉਸ ਦਾ ਬੇਟਾ ਰੋਹਿਤ ਦਿੱਲੀ ਵਿਚ ਰਹਿੰਦੇ ਹਨ। ਰੋਹਿਤ ਦਾ ਦਿੱਲੀ ਵਿਚ ਗਹਿਣਿਆਂ ਦਾ ਕਾਰੋਬਾਰ ਹੈ ਪਰ ਕੋਵਿਡ 19 ਮਹਾਂਮਾਰੀ ਦੇ ਕਾਰਨ ਉਸ ਦਾ ਕਾਰੋਬਾਰ ਠੱਪ ਹੋ ਗਿਆ ਹੈ। ਅਜਿਹੀ ਸਥਿਤੀ ਵਿਚ ਦੋਹਾਂ ਨੇ ਪਿੰਡ ਵਾਪਸ ਜਾਣ ਦੀ ਯੋਜਨਾ ਬਣਾਈ ਸੀ। ਦੋਵੇਂ ਰਾਜਧਾਨੀ ਐਕਸਪ੍ਰੈੱਸ ਰਾਹੀਂ ਹਾਵੜਾ ਜ਼ਿਲ੍ਹੇ ਦੇ ਰਾਜਪੁਰ ਥਾਣਾ ਖੇਤਰ ਦੇ ਰਘੁਦੇਬਪੁਰ ਡਾਕ ਬੰਗਲੇ ਵਿਖੇ ਅਪਣੇ ਘਰ ਪਹੁੰਚੇ ਪਰ ਜਿਵੇਂ ਹੀ ਉਹ ਉਸ ਖੇਤਰ ਵਿਚ ਪਹੁੰਚੇ, ਉਥੋਂ ਦੇ ਲੋਕਾਂ ਨੇ ਉਸ ਨੂੰ ਘਰ ਜਾਣ ਤੋਂ ਰੋਕ ਦਿਤਾ।
ਉਨ੍ਹਾਂ ਕਿਹਾ ਕਿ ਉਹ ਲੋਕ ਦਿੱਲੀ ਤੋਂ ਵਾਪਸ ਆ ਗਏ ਹਨ, ਇਸ ਲਈ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਸਕਦੀ ਹੈ। ਮਾਹੂਆ ਨੇ ਦਸਿਆ ਕਿ ਉਸ ਨੇ ਪੰਚਾਇਤ ਮੈਂਬਰ ਨੂੰ ਅਪਣੀ ਆਮਦ ਬਾਰੇ ਦਸਿਆ ਸੀ। ਰੋਕਣ ਤੋਂ ਬਾਅਦ ਮਾਹੂਆ, ਉਸ ਦਾ ਬੇਟਾ, ਪਿਤਾ ਅਤੇ ਭਰਾ ਨੇੜਲੇ ਬਾਸੂਦੇਵ ਅਗਨਖਾਲੀ ਸ਼ਮਸ਼ਾਨਘਾਟ ਪਹੁੰਚੇ। ਇਨ੍ਹਾਂ ਚਾਰਾਂ ਨੇ ਉਸ ਕਮਰੇ ਵਿਚ ਰਾਤ ਬਿਤਾਈ ਜਿਥੇ ਖ਼ਰਾਬ ਮੌਸਮ ਦੌਰਾਨ ਲਾਸ਼ਾਂ ਰੱਖੀਆਂ ਜਾਂਦੀਆਂ ਸਨ। ਸਵੇਰੇ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿਤਾ ਗਿਆ। (ਏਜੰਸੀ)